ਫਰੀਦਕੋਟ: ਪੰਜਾਬ ਦੇ ਰਾਜਪਾਲ ਮਾਨਯੋਗ ਬਨਵਾਰੀ ਲਾਲ ਪੁਰੋਹਿਤ ਅੱਜ ਆਪਣੀ ਫਰੀਦਕੋਟ ਆਮਦ ਸਮੇਂ ਇਤਿਹਾਸਕ ਸਥਾਨ ਗੁਰਦੁਆਰਾ ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਮਾਣਯੋਗ ਬਨਵਾਰੀ ਲਾਲ ਪੁਰੋਹਿਤ ਨੇ ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਹੋਈ ਅਰਦਾਸ ਵਿੱਚ ਸ਼ਾਮਲ ਹੋਏ। ਇਸ ਮੌਕੇ ਬਾਬਾ ਫਰੀਦ ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਖਾਲਸਾ ਅਤੇ ਮਹੀਪ ਸਿੰਘ ਸੇਖੋਂ ਨੇ ਉਨ੍ਹਾਂ ਨੂੰ ਟਿੱਲਾ ਬਾਬਾ ਫਰੀਦ ਵਿਖੇ ਪੁਹੰਚਣ ਤੇ ਜੀ ਆਇਆ ਕਿਹਾ ਤੇ ਕਮੇਟੀ ਵੱਲੋਂ ਦੁਸਾਲੇ, ਸਿਰੋਪਾਓ ਦੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਟਿੱਲਾ ਬਾਬਾ ਫਰੀਦ ਦੇ ਇਤਿਹਾਸ ਬਾਰੇ ਪੁਸਤਕਾਂ ਦਾ ਸੈਂਟ ਵੀ ਭੇਂਟ ਕੀਤਾ ਗਿਆ।
ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਅਤੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਵੱਲੋਂ ਵੀ ਮਾਨਯੋਗ ਬਨਵਾਰੀ ਲਾਲ ਪੁਰੋਹਿਤ ਨੂੰ ਵਿਸ਼ੇਸ਼ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਉਨ੍ਹਾਂ ਨੂੰ ਫਰੀਦਕੋਟ ਵਿਖੇ ਟਿੱਲਾ ਬਾਬਾ ਫਰੀਦ ਜੀ ਦੇ ਸਥਾਨ ਤੇ ਨਤਮਸਤਕ ਹੋਣ ਮਗਰੋਂ ਆਤਮਿਕ ਸ਼ਾਂਤੀ ਮਿਲੀ ਹੈ ਕਿਉਂਕਿ ਬਾਬਾ ਫਰੀਦ ਜੀ ਦਾ ਸੰਦੇਸ਼ ਅਤੇ ਬਾਣੀ ਪੂਰੀ ਮਨੁੱਖਤਾ ਦੀ ਭਲਾਈ ਲਈ ਪੂਰੀ ਤਰ੍ਹਾਂ ਪ੍ਰਸੰਗਿਕ ਹੈ।
ਇਸ ਉਪਰੰਤ ਜਿਲਾ ਪ੍ਰਸ਼ਾਸ਼ਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਦੀ ਅਗਵਾਈ ਵਿੱਚ ਰਾਜਪਾਲ ਜੀ ਨੂੰ ਫਰੀਦਕੋਟ ਜਿਲੇ, ਵਿਕਾਸ ਕਾਰਜਾਂ ਆਦਿ ਬਾਰੇ ਪੀ.ਟੀ.ਪੀ ਰਾਹੀਂ ਜਾਣਕਾਰੀ ਵੀ ਦਿੱਤੀ ਗਈ।