ਹਰੀਸ਼ ਕੁਮਾਰ ਜੈਨ ਨੇ ਰੰਧਾਵਾ ਦੀ ਹਾਜ਼ਰੀ ‘ਚ ਪੰਜਾਬ ਰਾਜ ਸਹਿਕਾਰੀ ਵਿਕਾਸ ਖੇਤੀਬਾੜੀ ਬੈਂਕ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

TeamGlobalPunjab
2 Min Read

ਚੰਡੀਗੜ੍ਹ: ਹਰੀਸ਼ ਕੁਮਾਰ ਜੈਨ ਨੇ ਅੱਜ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਹਾਜ਼ਰੀ ਵਿੱਚ ਪੰਜਾਬ ਰਾਜ ਸਹਿਕਾਰੀ ਵਿਕਾਸ ਖੇਤੀਬਾੜੀ ਬੈਂਕ (ਐਸ.ਏ.ਡੀ.ਬੀ.) ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ।

ਅੱਜ ਇੱਥੇ ਸੈਕਟਰ 17 ਸਥਿਤ ਬੈਂਕ ਦੇ ਮੁੱਖ ਦਫਤਰ ਵਿਖੇ ਹਰੀਸ਼ ਕੁਮਾਰ ਜੈਨ ਦੇ ਅਹੁਦਾ ਸੰਭਾਲਣ ਮੌਕੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਹਰਪ੍ਰਤਾਪ ਸਿੰਘ ਅਜਨਾਲਾ, ਬਰਿੰਦਰਮੀਤ ਸਿੰਘ ਪਾਹੜਾ, ਦਵਿੰਦਰ ਸਿੰਘ ਘੁਬਾਇਆ ਤੇ ਜਗਤਾਰ ਸਿੰਘ ਜੱਗਾ ਹਿੱਸੋਵਾਲ, ਐਸ.ਏ. ਡੀ.ਬੀ. ਦੇ ਜਨਰਲ ਮੈਨੇਜਰ ਰਾਜਵਿੰਦਰ ਕੌਰ ਰੰਧਾਵਾ ਤੇ ਡਿਪਟੀ ਜਨਰਲ ਮੈਨੇਜਰ ਜਗਦੀਪ ਘਈ ਵੀ ਹਾਜ਼ਰ ਸਨ।

ਉਪ ਮੁੱਖ ਮੰਤਰੀ ਸਰਦਾਰ ਰੰਧਾਵਾ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਨੇ ਕਿਹਾ ਕਿ ਪੰਜਾਬ ਰਾਜ ਸਹਿਕਾਰੀ ਵਿਕਾਸ ਖੇਤੀਬਾੜੀ ਬੈਂਕ ਸਿੱਧੇ ਤੌਰ ਉੱਤੇ ਕਿਸਾਨਾਂ ਤੇ ਪੇਂਡੂ ਖੇਤਰ ਦੇ ਲੋਕਾਂ ਨਾਲ ਜੁੜਿਆ ਹੋਇਆ ਹੈ ਅਤੇ ਉਹ ਜ਼ਮੀਨ ਨਾਲ ਜੁੜੇ ਨੇਤਾ ਹਨ ਜਿਨ੍ਹਾਂ ਦੀ ਅਗਵਾਈ ਵਿੱਚ ਬੈਂਕ ਆਪਣੇ ਟੀਚੇ ਪੂਰੇ ਕਰਨ ਵਿੱਚ ਸਫਲ ਰਹੇਗਾ।

ਨਵ-ਨਿਯੁਕਤ ਚੇਅਰਮੈਨ ਹਰੀਸ਼ ਕੁਮਾਰ ਜੈਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ। ਹਰੀਸ਼ ਕੁਮਾਰ ਜੈਨ ਇਸ ਤੋਂ ਪਹਿਲਾ ਨਗਰ ਕੌਂਸਲ ਜ਼ੀਰਾ ਦੇ ਮੀਤ ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ, ਵਪਾਰ ਸੈੱਲ ਦੇ ਮੀਤ ਪ੍ਰਧਾਨ ਤੇ ਜੈਨ ਸਭਾ ਦੇ ਉੱਤਰੀ ਜ਼ੋਨ ਦੇ ਮੀਤ ਪ੍ਰਧਾਨ ਰਹਿ ਚੁੱਕੇ ਹਨ।

Share This Article
Leave a Comment