ਸ਼ਬਦ ਵਿਚਾਰ -118  ਤਿਤੁ ਸਰਵਰੜੈ ਭਈਲੇ ਨਿਵਾਸਾ …- ਡਾ. ਗੁਰਦੇਵ ਸਿੰਘ

TeamGlobalPunjab
4 Min Read

ਸ਼ਬਦ ਵਿਚਾਰ -118 

ਤਿਤੁ ਸਰਵਰੜੈ ਭਈਲੇ ਨਿਵਾਸਾ …

ਡਾ. ਗੁਰਦੇਵ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ  ਸ੍ਰੀ ਰਾਗ ਤੋਂ ਪਹਿਲਾਂ ਵਾਲੀ ਬਾਣੀ ਵਿਚਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਦੀ ਚੱਲ ਰਹੀ ਹੈ। ਸ਼ਬਦ ਵਿਚਾਰ ਦੀ ਪਿਛਲੀ ਲੜੀ ਦੌਰਾਨ ਅਸੀਂ ਆਖਾ ਜੀਵਾ ਵਿਸਰੈ ਮਰਿ ਜਾਉ। ਵਾਲੇ ਸ਼ਬਦ ਦੀ ਵਿਚਾਰ ਕੀਤੀ ਸੀ। ਅੱਜ ਅਸੀਂ ਤਿਤੁ ਸਰਵਰੜੈ ਭਈਲੇ ਨਿਵਾਸਾ  ਦੀ ਵਿਚਾਰ ਕਰਾਂਗ। ਇਸ ਸ਼ਬਦ ਵਿੱਚ ਗੁਰੂ ਸਾਹਿਬ ਮਨੁੱਖ ਨੂੰ ਅਗਾਹ ਕਰ ਰਹੇ ਹਨ ਕਿ ਹੇ ਭਾਈ ਤੂੰ ਉਸ ਪ੍ਰਮਾਤਮਾ ਨੂੰ ਨਾਹ ਵਿਸਾਰ। ਜੇ ਤੂੰ ਅਜਿਹਾ ਕਰੇਗਾ ਤਾਂ ਤੇਰਾ ਠੀਕ ਨਹੀਂ ਹੋਵੇਗਾ । ਪ੍ਰਮਾਤਮਾ ਨੂੰ ਵਿਸਾਰਨ ਨਾਲ ਮਨੁੱਖ ਜੋ ਘਾਟਾ ਪੈਂਦਾ ਹੈ ਉਸ ਦਾ ਗੁਰੂ ਸਾਹਿਬ ਇਸ ਸ਼ਬਦ ਦੇ ਅੰਤਰਗਤ ਉਪਦੇਸ਼ ਦੇ ਰਹੇ ਹਨ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 12 ‘ਤੇ ਅੰਕਿਤ ਹੈ। ਇਹ ਆਸਾ ਰਾਗ ਦਾ ਸ਼ਬਦ ਹੈ।

ਆਸਾ ਮਹਲਾ ੧ ॥

ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥

ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥

ਮਨ ਏਕੁ ਨ ਚੇਤਸਿ ਮੂੜ ਮਨਾ ॥ ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥

ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥

ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ ॥੨॥੩॥ 

ਪਦ ਅਰਥ = ਤਿਤੁ = ਉਸ ਵਿਚ {ਲਫ਼ਜ਼ ‘ਤਿਸੁ’ ਤੋਂ ‘ਤਿਤੁ’ ਅਧਿਕਰਨ ਕਾਰਕ, ਇਕ-ਵਚਨ ਹੈ}। ਸਰਵਰੁ = ਤਾਲਾਬ। ਸਰਵਰੜਾ = ਭਿਆਨਕ ਤਾਲਾਬ। ਸਰਵਰੜੈ = ਭਿਆਨਕ ਤਾਲਾਬ ਵਿਚ। ਤਿਤੁ ਸਰਵਰੜੈ = ਉਸ ਭਿਆਨਕ ਸਰ ਵਿਚ। ਭਈਲੇ = ਹੋਇਆ ਹੈ। ਪਾਵਕੁ = ਅੱਗ, ਤਿਸ਼੍ਰਨਾ ਦੀ ਅੱਗ। ਤਿਨਹਿ = ਉਸ (ਪ੍ਰਭੂ) ਨੇ (ਆਪ ਹੀ) । ਪੰਕ = ਚਿੱਕੜ। ਪੰਕ ਜੁ ਮੋਹ = ਜੋ ਮੋਹ ਦਾ ਚਿੱਕੜ ਹੈ। ਪਗੁ = ਪੈਰ। ਹਮ ਦੇਖਾ = ਸਾਡੇ ਵੇਖਦਿਆਂ ਹੀ, ਸਾਡੇ ਸਾਹਮਣੇ ਹੀ। ਤਹ = ਉਸ (ਸਾਰ) ਵਿਚ। ਡੂਬੀਅਲੇ = ਡੁੱਬ ਗਏ, ਡੁੱਬ ਰਹੇ ਹਨ।1। ਮਨ = ਹੇ ਮਨ! ਮੂੜ ਮਨਾ = ਹੇ ਮੂਰਖ ਮਨ! ਗਲਿਆ = ਗਲਦੇ ਜਾ ਰਹੇ ਹਨ, ਘਟਦੇ ਜਾ ਰਹੇ ਹਨ।6। ਰਹਾਉ। ਹਉ = ਮੈਂ। ਜਤੀ = ਕਾਮ-ਵਾਸਨਾ ਨੂੰ ਰੋਕਣ ਦਾ ਜਤਨ ਕਰਨ ਵਾਲਾ। ਸਤੀ = ਉੱਚੇ ਆਚਰਨ ਵਾਲਾ। ਮੁਗਧ = ਮੂਰਖ, ਬੇ-ਸਮਝ। ਜਨਮੁ = ਜੀਵਨ। ਪ੍ਰਣਵਤਿ = ਬੇਨਤੀ ਕਰਦਾ ਹੈ।2।

ਅਰਥ = (ਹੇ ਭਾਈ! ਸਾਡੀ ਜੀਵਾਂ ਦੀ) ਉਸ ਭਿਆਨਕ (ਸੰਸਾਰ-) ਸਰੋਵਰ ਵਿਚ ਵੱਸੋਂ ਹੈ (ਜਿਸ ਵਿਚ) ਉਸ ਪ੍ਰਭੂ ਨੇ ਆਪ ਹੀ ਪਾਣੀ (ਦੇ ਥਾਂ ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੋਈ ਹੈ (ਅਤੇ ਉਸ ਭਿਆਨਕ ਸਰੀਰ ਵਿਚ) ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚੱਲ ਨਹੀਂ ਸਕਦਾ (ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ) । ਸਾਡੇ ਸਾਹਮਣੇ ਹੀ (ਅਨੇਕਾਂ ਜੀਵ ਮੋਹ ਦੇ ਚਿੱਕੜ ਵਿਚ ਫਸ ਕੇ) ਉਸ (ਤ੍ਰਿਸ਼ਨਾ-ਅੱਗ ਦੇ ਅਸਗਾਹ ਸਮੁੰਦਰ) ਵਿਚ ਡੁੱਬਦੇ ਜਾ ਰਹੇ ਹਨ।1।

ਹੇ ਮਨ! ਹੇ ਮੂਰਖ ਮਨ! ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਤੂੰ ਜਿਉਂ ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ।1। ਰਹਾਉ।

(ਹੇ ਪ੍ਰਭੂ!) ਨਾਹ ਮੈਂ ਜਤੀ ਹਾਂ, ਨਾਹ ਮੈਂ ਸਤੀ ਹਾਂ, ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ (ਭਾਵ, ਜਤ, ਸਤ ਅਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਅਤੇ ਮੋਹ ਦੇ ਚਿੱਕੜ ਵਿਚ ਡਿਗਣੋਂ ਬਚਾ ਨਹੀਂ ਸਕਦੇ। ਜੇ ਮਨੁੱਖ ਪ੍ਰਭੂ ਨੂੰ ਭੁਲਾ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਮੂਰਖਾਂ ਵਾਲੀ ਹੁੰਦੀ ਹੈ) । ਸੋ, ਨਾਨਕ ਬੇਨਤੀ ਕਰਦਾ ਹੈ– (ਹੇ ਪ੍ਰਭੂ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ) , ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ।2।3।

ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਗੁਰੂ ਨਾਨਕ ਪਾਤਸ਼ਾਹ ਦੀ ਅਗਲੇਰੀ ਬਾਣੀ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ।

*[email protected]

Share This Article
Leave a Comment