ਸ਼ਬਦ ਵਿਚਾਰ – 112
ਜਪੁਜੀ ਸਾਹਿਬ – ਪਉੜੀ 36
ਡਾ. ਗੁਰਦੇਵ ਸਿੰਘ*
ਧਰਮ ਖੰਡ ਦੀ ਅਵਸਥਾ ਨਾਲ ਗਿਆਨ ਖੰਡ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਗਿਆਨ ਖੰਡ ਦੀ ਅਵਸਥਾ ਪ੍ਰਾਪਤ ਹੋਣ ਤੋਂ ਬਾਅਦ ਸਰਮ ਖੰਡ ਦੀ ਪ੍ਰਾਪਤ ਹੋ ਸਕਦੀ। ਸਰਮ ਖੰਡ ਦੀ ਕੀ ਅਵਸਥਾ ਕੀ ਹੈ ਤੇ ਕਿਵੇਂ ਪ੍ਰਾਪਤ ਹੁੰਦੀ ਹੈ? ਇਸ ਸੰਬੰਧੀ ਗੁਰਬਾਣੀ ਵਿੱਚ ਵਿਸ਼ੇਸ਼ ਉਪਦੇਸ਼ ਦਿੱਤਾ ਗਿਆ ਹੈ। ਸ਼ਬਦ ਵਿਚਾਰ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਅਧੀਨ ਅੱਜ ਅਸੀਂ ਜਪੁ ਜੀ ਸਾਹਿਬ ਦੀ 36ਵੀਂ ਪਉੜੀ ਦੀ ਵਿਚਾਰ ਕਰਾਂਗੇ ਜਿਸ ਵਿੱਚ ਸਰਮ ਖੰਡ ਦੀ ਅਵਸਥਾ ਦਾ ਉਪਦੇਸ਼ ਦਿੱਤਾ ਗਿਆ ਹੈ:
ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ ਤਿਥੈ ਨਾਦ ਬਿਨੋਦ ਕੋਡ ਅਨੰਦੁ ॥
ਪਦ ਅਰਥ: ਮਹਿ = ਵਿਚ। ਪਰਚੰਡ = ਤੇਜ਼, ਪ੍ਰਬਲ, ਬਲਵਾਨ। ਤਿਥੈ = ਉਸ ਗਿਆਨ ਖੰਡ ਵਿਚ। ਨਾਦ = ਰਾਗ। ਬਿਨੋਦ = ਤਮਾਸ਼ੇ। ਕੋਡ = ਕੌਤਕ। ਅਨੰਦੁ = ਸੁਆਦ।
ਵਿਆਖਿਆ : ਗਿਆਨ ਖੰਡ ਵਿਚ (ਭਾਵ, ਮਨੁੱਖ ਦੀ ਗਿਆਨ ਅਵਸਥਾ ਵਿਚ) ਗਿਆਨ ਹੀ ਬਲਵਾਨ ਹੁੰਦਾ ਹੈ। ਇਸ ਅਵਸਥਾ ਵਿਚ (ਮਾਨੋ) ਸਭ ਰਾਗਾਂ, ਤਮਾਸ਼ਿਆਂ ਤੇ ਕੌਤਕਾਂ ਦਾ ਸੁਆਦ ਆ ਜਾਂਦਾ ਹੈ।
ਸਰਮ ਖੰਡ ਕੀ ਬਾਣੀ ਰੂਪੁ ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥
ਪਦ ਅਰਥ: ਸਰਮ = ਉੱਦਮ, ਮਿਹਨਤ। ਸਰਮ ਖੰਡ ਕੀ = ਉੱਦਮ ਅਵਸਥਾ ਦੀ। ਬਾਣੀ = ਬਨਾਵਟ। ਰੂਪ = ਸੁੰਦਰਤਾ। ਤਿਥੈ = ਇਸ ਮਿਹਨਤ ਵਾਲੀ ਅਵਸਥਾ ਵਿਚ। ਘਾੜਤਿ ਘੜੀਐ = ਘਾੜਤ ਵਿਚ ਘੜਿਆ ਜਾਂਦਾ ਹੈ। ਬਹੁਤੁ ਅਨੂਪੁ = (ਮਨ) ਬਹੁਤ ਸੋਹਣਾ।
ਵਿਆਖਿਆ : ਉੱਦਮ ਅਵਸਥਾ ਦੀ ਬਨਾਵਟ ਸੁੰਦਰਤਾ ਹੈ (ਭਾਵ, ਇਸ ਅਵਸਥਾ ਵਿਚ ਆ ਕੇ ਮਨ ਦਿਨੋ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ)। ਇਸ ਅਵਸਥਾ ਵਿਚ (ਨਵੀਂ) ਘਾੜਤ ਦੇ ਕਾਰਨ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ।
ਤਾ ਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ ਪਛੁਤਾਇ ॥
ਪਦ ਅਰਥ : ਤਾ ਕੀਆ = ਉਸ ਅਵਸਥਾ ਦੀਆਂ। ਕਥੀਆ ਨ ਜਾਹਿ = ਕਹੀਂਆਂ ਨਹੀਂ ਜਾ ਸਕਦੀਆਂ। ਕੋ = ਕੋਈ ਮਨੁੱਖ। ਕਹੈ– ਆਖੈ ਬਿਆਨ ਕਰੇ। ਪਿਛੈ = ਦੱਸਣ ਤੋਂ ਪਿੱਛੋਂ ਪਛੁਤਾਇ = ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਤੋਂ ਅਸਮਰਥ ਰਹਿੰਦਾ ਹੈ) ।
ਵਿਆਖਿਆ : ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋਈ ਮਨੁੱਖ ਬਿਆਨ ਕਰਦਾ ਹੈ, ਤਾਂ ਪਿੱਛੋਂ ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਦੇ ਅਸਮਰਥ ਰਹਿੰਦਾ ਹੈ) ।
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥੩੬॥
ਪਦ ਅਰਥ: ਤਿਥੈ = ਉਸ ਦਰਮ ਖੰਡ ਵਿਚ। ਘੜੀਐ = ਘੜੀ ਜਾਂਦੀ ਹੈ। ਮਨਿ ਬੁਧਿ = ਮਨ ਵਿਚ ਜਾਗ੍ਰਤ। ਸੁਰਾ ਕੀ ਸੁਧਿ = ਦੇਵਤਿਆਂ ਦੀ ਸੂਝ। ਸਿਧਾ ਕੀ ਸੁਧਿ = ਸਿੱਧਾਂ ਵਾਲੀ ਅਕਲ।
ਵਿਆਖਿਆ : ਉਸ ਮਿਹਨਤ ਵਾਲੀ ਅਵਸਥਾ ਵਿਚ ਮਨੁੱਖ ਦੀ ਸੁਰਤਿ ਤੇ ਮਤ ਘੜੀ ਜਾਂਦੀ ਹੈ, (ਭਾਵ, ਸੁਰਤ ਤੇ ਮਤ ਉੱਚੀ ਹੋ ਜਾਂਦੀ ਹੈ) ਅਤੇ ਮਨ ਵਿਚ ਜਾਗ੍ਰਤ ਪੈਦਾ ਹੋ ਜਾਂਦੀ ਹੈ। ਸਰਮ ਖੰਡ ਵਿਚ ਦੇਵਤਿਆਂ ਤੇ ਸਿੱਧਾਂ ਵਾਲੀ ਅਕਲ (ਮਨੁੱਖ ਦੇ ਅੰਦਰ) ਬਣ ਜਾਂਦੀ ਹੈ। 36।
ਜਪੁ ਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਮਨੁੱਖ ਨੂੰ ਸਮਝਾਂ ਰਹੇ ਹਨ ਕਿ ਗਿਆਨ-ਅਵਸਥਾ ਦੀ ਬਰਕਤਿ ਨਾਲ ਜਿਉਂ ਜਿਉਂ ਸਾਰਾ ਜਗਤ ਇਕ ਸਾਂਝਾ ਟੱਬਰ ਦਿੱਸਦਾ ਹੈ, ਜੀਵ ਖ਼ਲਕਤਿ ਦੀ ਸੇਵਾ ਦੀ ਮਿਹਨਤ ‘ਸਰਮ’ ਸਿਰ ‘ਤੇ ਚੁੱਕਦਾ ਹੈ, ਮਨ ਦੀ ਪਹਿਲੀ ਤੰਗ-ਦਿਲੀ ਹਟ ਕੇ ਵਿਸ਼ਾਲਤਾ ਤੇ ਉਦਾਰਤਾ ਦੀ ਘਾੜਤ ਵਿਚ ਮਨ ਨਵੇਂ ਸਿਰੇ ਸੋਹਣਾ ਘੜਿਆ ਜਾਂਦਾ ਹੈ, ਮਨ ਵਿਚ ਇਕ ਨਵੀਂ ਜਾਗ੍ਰਤ ਆਉਂਦੀ ਹੈ, ਸੁਰਤਿ ਉੱਚੀ ਹੋਣ ਲੱਗ ਪੈਂਦੀ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 37ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ।