ਮੁਕਤਸਰ : ਮੁਕਤਸਰ ਵਿਖੇ ਕੱਚੇ ਮੁਲਾਜ਼ਮਾਂ ਦੇ ਤਿੱਖੇ ਵਿਰੋਧ ਪ੍ਰਦਰਸ਼ਨ ਕਾਰਨ ਸੂਬੇ ਦੇ ਡਿਪਟੀ ਸੀ.ਐਮ ਸੁਖਜਿੰਦਰ ਰੰਧਾਵਾ ਅਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਆਪਣਾ ਆਪਾ ਖੋ ਬੈਠੇ, ਇਸ ਦੌਰਾਨ ਮਾਹੌਲ ਇਨ੍ਹਾਂ ਗਰਮਾ ਗਿਆ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਹੀ ਉਲਝ ਪਏ। ਮੰਤਰੀ ਸਾਹਿਬ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਕੱਚੇ ਕਾਮਿਆਂ ਦੇ ਪ੍ਰਦਰਸ਼ਨ ਨੂੰ ਡਰਾਮਾ ਕਰਾਰ ਦਿੱਤਾ।
ਦਰਅਸਲ ਰੰਧਾਵਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਮੁਕਤਸਰ ਪੁੱਜੇ ਸਨ। ਜਦੋਂ ਸੁਖਜਿੰਦਰ ਰੰਧਾਵਾ ਅਤੇ ਰਾਜਾ ਵੜਿੰਗ ਪੁੱਜੇ ਤਾਂ ਉਥੇ ਡੀਸੀ ਦਫ਼ਤਰ, ਐਨਐਚਐਮ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਕੱਚੇ ਕਾਮਿਆਂ ਨੇ ਧਰਨਾ ਸ਼ੁਰੂ ਕਰ ਦਿੱਤਾ। ਡਿਪਟੀ ਸੀਐਮ ਰੰਧਾਵਾ ਦੀ ਕਾਰ ਅੱਗੇ ਸੈਨੀਟੇਸ਼ਨ ਦੇ ਕੁਝ ਮੁਲਾਜ਼ਮ ਆ ਗਏ। ਇਸ ਤੋਂ ਬਾਅਦ ਮਾਹੌਲ ਗਰਮ ਹੋ ਗਿਆ। ਰੰਧਾਵਾ ਨੇ ਕਾਰ ਰੋਕੀ ਅਤੇ ਮੰਤਰੀ ਵੜਿੰਗ ਨਾਲ ਹੇਠਾਂ ਉਤਰ ਗਏ। ਇਸ ਤੋਂ ਬਾਅਦ ਇਹ ਦੋਵੇਂ ਪ੍ਰਦਰਸ਼ਨਕਾਰੀਆਂ ਨਾਲ ਹੀ ਭਿੜ ਗਏ।
ਹੈਰਾਨੀ ਦੀ ਗੱਲ ਇਹ ਕਿ ਲੋਕਾਂ ਦਾ ਸੇਵਕ ਹੋਣ ਦਾ ਦਾਅਵਾ ਕਰਨ ਵਾਲੇ ਇਹ ਦੋਵੇਂ ਆਗੂ ਪ੍ਰਦਰਸ਼ਨਕਾਰੀਆਂ ਦੀ ਥੋੜੀ ਜਿਹੀ ਨਾਅਰੇਬਾਜ਼ੀ ਤੋਂ ਹੀ ਇੰਨੇ ਘਬਰਾ ਗਏ ਕਿ ਤੂੰ-ਤੂੰ ਮੈਂ-ਮੈਂ ਕਰਨ ਲੱਗੇ।
ਪ੍ਰਦਰਸ਼ਨਕਾਰੀਆਂ ਨਾਲ ਉਲਝਣ ਤੋਂ ਬਾਅਦ ਉਪ ਮੁੱਖ ਮੰਤਰੀ ਰੰਧਾਵਾ ਪੂਰੀ ਤਰ੍ਹਾਂ ਤੈਸ਼ ‘ਚ ਆ ਗਏ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਇੱਥੇ ਡਿਊਟੀ ’ਤੇ ਤਾਇਨਾਤ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਉ।
ਮੰਤਰੀ ਰਾਜਾ ਵੜਿੰਗ ਨੇ ਪ੍ਰਦਰਸ਼ਨਕਾਰੀ ਨੂੰ ਪੁੱਛਿਆ ਕਿ, “ਤੂੰ ਕੀ ਕਰ ਲਵੇਂਗਾ ?”
ਇਸ ਤੋਂ ਬਾਅਦ ਡਿਪਟੀ ਸੀਐਮ ਰੰਧਾਵਾ ਵੀ ਭੜਕ ਗਏ। ਉਨ੍ਹਾਂ ਪ੍ਰਦਰਸ਼ਨਕਾਰੀ ਨੂੰ ਕਿਹਾ “ਤੂੰ ਕਰ ਲੈ ਜੋ ਵੀ ਕਰਨਾ ਹੈ, ਤੂੰ ਮੈਨੂੰ ਡਰਾਏਂਗਾ ?
ਵੀਡੀਓ ‘ਚ ਵੇਖੋ ਕਿਸ ਤਰ੍ਹਾਂ ਦੋਵੇਂ ਮੰਤਰੀ ਆਪਾ ਖੋ ਕੇ ਪ੍ਰਦਰਸ਼ਨਕਾਰੀਆਂ ਨਾਲ ਉਲਝ ਪਏ ;
ਉਧਰ ਵਿਰੋਧੀ ਧਿਰਾਂ ਨੇ ਦੋਹਾਂ ਮੰਤਰੀਆਂ ਦੇ ਇਸ ਵਤੀਰੇ ਨੂੰ ਤਾਨਾਸ਼ਾਹੀ ਅਤੇ ਮੰਦਭਾਗਾ ਦੱਸਦਿਆਂ ਸਵਾਲ ਚੁੱਕੇ ਹਨ।
ਮਾਮਲਾ ਵਿਗੜਨ ਤੋਂ ਬਾਅਦ ਮੰਤਰੀ ਰਾਜਾ ਵੜਿੰਗ ਨੇ ਸਫਾਈ ਦਿੱਤੀ ਕਿ ਕੱਚੇ ਕਾਮੇ ਸਾਡੇ ਪਰਿਵਾਰ ਵਿੱਚੋਂ ਹਨ। ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਇਨ੍ਹਾਂ ਨੂੰ ਰਾਹਤ ਮਿਲੀ ਹੁੰਦੀ ਤਾਂ ਇਹ ਅੱਜ ਪੱਕੇ ਹੁੰਦੇ।