ਮੁੱਖ ਮੰਤਰੀ ਨੇ ਥੀਮ ਪਾਰਕ ਦੀ ਗੈਲਰੀਆਂ ਲਈ ਸੰਗੀਤਕ ਅਤੇ ਤਕਨੀਕੀ ਯੋਗਦਾਨ ਦੇਣ ਵਾਲੀਆਂ ਸਖਸ਼ੀਅਤਾਂ ਦਾ ਕੀਤਾ ਸਨਮਾਨ
ਸ਼੍ਰੀ ਚਮਕੌਰ ਸਾਹਿਬ : ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਉਤਸਵ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੁਪਨਮਈ ਪ੍ਰਾਜੈਕਟ ‘ਦਾਸਤਾਨ ਏ ਸ਼ਹਾਦਤ’ ਦੇ ਸੰਗਤ ਨੂੰ ਸਮਰਪਿਤ ਹੋਣ ‘ਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਪੰਜਾਬ ਵੱਲੋਂ ਅੱਜ ਸ਼੍ਰੀ ਚਮਕੌਰ ਸਾਹਿਬ ਵਿਖੇ ਧਾਰਮਿਕ ਸੰਗੀਤਕ ਸ਼ਾਮ ਦਾ ਪ੍ਰਬੰਧ ਕੀਤਾ ਗਿਆ।
ਮੁੱਖ ਮੰਤਰੀ ਚੰਨੀ ਨੇ ਇਸ ਮੌਕੇ ਆਪਣੇ ਸੰਬੋਧਨ ‘ਚ ਆਖਿਆ ਕਿ ਸਾਲ 2004 ‘ਚ ਆਰੰਭ ਹੋਏ ਪ੍ਰਾਜੈਕਟ ਨੂੰ ਪੂਰਾ ਕਰਨ ਵਿਚ ਭਾਵੇਂ ਬਹੁਤ ਸਾਰੀਆਂ ਔਕੜਾਂ ਆਈਆਂ ਪਰ ਅੱਜ ਉਹ ਬਹੁਤ ਖੁਸ਼ ਹਨ ਕਿ ਉਹ ਚਮਕੌਰ ਦੀ ਕੱਚੀ ਗੜ੍ਹੀ ਦੀ ਅਸਾਵੀਂ ਜੰਗ ਨੂੰ ਅਗਲੀਆਂ ਪੀੜ੍ਹੀਆਂ ਵਾਸਤੇ ਸੰਭਾਲਣ ਦੀ ਆਪਣੀ ਦਿਲੀ ਇੱਛਾ ਨੂੰ ਹਕੀਕਤ ਵਿੱਚ ਬਦਲਣ ਚ ਕਾਮਯਾਬ ਹੋਏ ਹਨ।
ਉਨ੍ਹਾਂ ਕਿਹਾ ਕਿ ਇਸ ਸੰਗੀਤਕ ਸ਼ਾਮ ਦਾ ਮੰਤਵ ਇਸ ਇਤਿਹਾਸਿਕ ਪ੍ਰਾਜੈਕਟ ਦੀ ਸੰਪੂਰਨਤਾ ਖ਼ਾਸ ਕਰ ਗੈਲਰੀਆਂ ਦੀ ਸਜੀਵਤਾ ਲਈ ਸੰਗੀਤਕ ਯੋਗਦਾਨ ਦੇਣ, ਪਿੱਠਵਰਤੀ ਸੰਗੀਤ ਤੇ ਅਵਾਜ਼ ਦੇਣ, ਪਟਕਥਾ ਲਿਖਣ ਅਤੇ ਇਸ ਕਨਸੈਪਟ ਨੂੰ ਅਮਲੀ ਜਾਮਾ ਪਹਿਨਾਉਣ ਵਾਲੀਆਂ ਸਖਸ਼ੀਅਤਾਂ ਨੂੰ ਸੰਗਤਾਂ ਦੇ ਸਨਮੁੱਖ ਲਿਆ ਕੇ ਸਨਮਾਨਿਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ, ਹਰਸ਼ਦੀਪ ਕੌਰ, ਜਸਪਿੰਦਰ ਨਰੂਲਾ, ਮਨਜਿੰਦਰ ਮਾਨ, ਮਸ਼ਹੂਰ ਪੰਜਾਬੀ ਫ਼ਨਕਾਰ ਦੁਰਗਾ ਰੰਗੀਲਾ ਤੇ ਮਰਹੂਮ ਗਾਇਕ ਦਿਲਜਾਨ ਦੀਆਂ ਮਧੁਰ ਅਵਾਜ਼ਾਂ ਨੇ ਥੀਮ ਪਾਰਕ ਦੀਆਂ ਗੈਲਰੀਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਰੂਹਾਨੀਅਤ ਭਰਪੂਰ ਬਣਾ ਦਿੱਤਾ ਹੈ। ਇਨ੍ਹਾਂ ਨੂੰ ਰਾਜ ਗਾਇਕਾਂ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪਿੱਠਵਰਤੀ ਸੰਗੀਤ ਦੇਣ ਵਾਲੇ ਲਕਸ਼ਮੀ ਕਾਂਤ ਪਿਆਰੇ ਲਾਲ ਦੇ ਭਤੀਜੇ ਮੌਂਟੀ ਸ਼ਰਮਾ, ਬਾਬਾ ਬੰਦਾ ਸਿੰਘ ਬਹਾਦਰ ਲਈ ਵੋਆਇਸ ਓਵਰ ਦੇਣ ਵਾਲੇ ਮੁੰਬਈ ਦੇ ਆਰਟਿਸਟ ਬ੍ਰਾਉਨੀ, ਪ੍ਰਾਜੈਕਟ ਦੇ ਪਟਕਥਾ ਲੇਖਕ ਤੇ ਉੱਘੇ ਸ਼ਾਇਰ ਸੁਰਜੀਤ ਪਾਤਰ, ਡਿਜ਼ਾਈਨਰ ਅਮਰਦੀਪ ਬਹਿਲ, ਪਿੱਠਵਰਤੀ ਅਵਾਜ਼ਾਂ ਦੇਣ ਵਾਲੇ ਰੇਡੀਓ ਜੋਕੀ ਜਸਵਿੰਦਰ ਜੱਸੀ, ਟੀਨੂੰ ਸ਼ਰਮਾ, ਪੂਰਵ ਸ਼ਰਮਾ, ਸੁਰਜਨ ਸਿੰਘ, ਰਿਤੇਸ਼ ਰਿਸ਼ੀ, ਤਕਨੀਕੀ ਟੀਮ ਸ਼੍ਰੀਮਤੀ ਸਪਨਾ ਮੁੱਖ ਆਰਕੀਟੈਕਟ ਪੰਜਾਬ ਮੌਜੂਦ ਸਨ। ਸਤਿੰਦਰ ਸੱਤੀ ਨੂੰ ਮਲਕਾ ਏ ਸਟੇਜ ਵਜੋਂ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਉਹ ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਦੇ ਲੋਕਾਂ ਦਾ ਤਾ-ਉਮਰ ਦੇਣ ਨਹੀਂ ਦੇ ਸਕਦੇ, ਜਿਨ੍ਹਾਂ ਇੱਕ ਵਾਰ ਨਹੀਂ ਬਲਕਿ ਲਗਾਤਾਰ ਤਿੰਨ ਵਾਰ ਇਸ ਹਲਕੇ ਦਾ ਸੇਵਾਦਾਰ ਬਣਾਇਆ ਅਤੇ ਇਸ ਪਵਿੱਤਰ ਧਰਤੀ ਦੀ ਸੇਵਾ ਅਤੇ ਲੋਕਾਂ ਦੀਆਂ ਦੁਆਵਾਂ ਸਦਕਾ ਅੱਜ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਸੇਵਾਦਾਰ ਵਜੋਂ ਸਮੁੱਚੇ ਪੰਜਾਬੀਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਲੋਕਾਂ ਵੱਲੋਂ ਆਪਣੇ ਤੇ ਪ੍ਰਗਟਾਏ ਵਿਸ਼ਵਾਸ਼ ਨੂੰ ਹਮੇਸ਼ਾਂ ਕਾਇਮ ਰੱਖਣਗੇ ਅਤੇ ਇਸ ਇਤਿਹਾਸਿਕ ਧਰਤੀ ਤੇ ਵਾਅਦਾ ਕਰਦੇ ਹਨ ਕਿ ਜਦੋਂ ਤੱਕ ਪੰਜਾਬ ਦਾ ਹਰ ਵਰਗ, ਹਰ ਵਿਅਕਤੀ ਖੁਸ਼ਹਾਲ ਤੇ ਸੁਖੀ ਨਹੀਂ ਹੁੰਦਾ, ਉਹ ਟਿੱਕ ਕੇ ਨਹੀਂ ਬੈਠਣਗੇ।
ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਖਾਲਸਾ ਖੇਡ ਸਟੇਡੀਅਮ ਚਮਕੌਰ ਸਾਹਿਬ ਵਿਖੇ ਹੋਏ ਇਸ ਸੰਗੀਤਕ ਸਮਾਗਮ ਦੌਰਾਨ ਬਾਲੀਵੁੱਡ ਦੇ ਇਨ੍ਹਾਂ ਫ਼ਨਕਾਰਾਂ ਨੇ ਆਪਣੇ ਧਾਰਮਿਕ ਗਾਇਨ ਨਾਲ ਲੋਕਾਂ ਨੂੰ ਮੋਹ ਲਿਆ ਅਤੇ ਖਚਾ-ਖਚ ਭਰੇ ਸਟੇਡੀਅਮ ਚ ਲੋਕ ਆਪਣੇ ਮਹਿਬੂਬ ਨੇਤਾ ਅਤੇ ਫ਼ਨਕਾਰਾਂ ਨੂੰ ਸੁਣਨ ਲਈ ਦੇਰ ਰਾਤ ਤੱਕ ਨਿੱਠ ਕੇ ਬੈਠੇ ਰਹੇ।
ਜਸਪਿੰਦਰ ਨਰੂਲਾ ਨੇ ਸਮਾਗਮ ਦੀ ਸ਼ੁਰੂਆਤ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਬਦ ‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ,’ ਨਾਲ ਕੀਤੀ। ਇਸ ਤੋਂ ਬਾਅਦ ਸਾਹਿਬਜ਼ਾਦਿਆਂ ਦੀ ਘੋੜੀ ਗਾ ਕੇ, ਉਨ੍ਹਾਂ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ। ਦੁਰਗਾ ਰੰਗੀਲਾ ਨੇ ‘ਧੰਨ ਗੁਰੂ ਨਾਨਕ ਜੀ ਤੇਰੀ ਜੈ ਹੋ ‘ ਨਾਲ ਆਪਣੀ ਹਾਜ਼ਰੀ ਲਗਵਾਈ।
ਗਾਇਕਾ ਹਰਸ਼ਦੀਪ ਕੌਰ ਨੇ ਥੀਮ ਪਾਰਕ ਲਈ ਗਾਏ ਆਪਣੇ ਗੀਤ ਨੂੰ ਵਿਸ਼ੇਸ਼ ਤੌਰ ਤੇ ਗਾਇਨ ਕੀਤਾ। ਉਸ ਨੇ ‘ ਚਲੋ ਚਲ ਰਲ ਮਿਲ ਦਰਸ਼ਨ ਕਰੀਏ, ਸਤਿਗੁਰ ਨਾਨਕ ਆਏ ਨੇ ‘ ਸਮੁੱਚੀ ਸੰਗਤ ਨਾਲ ਰਲ ਕੇ ਗਾਇਨ ਕੀਤਾ। ਪਗੜੀ ਚ ਸਜੇ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਨੇ ਪ੍ਰੋਗਰਾਮ ਦੇ ਅਖੀਰ ਚ ਆਪਣੀ ਬੁਲੰਦ ਆਵਾਜ਼ ਨਾਲ ਬਾਬਾ ਬੁੱਲੇ ਸ਼ਾਹ ਦਾ ਕਲਾਮ ਤੇ ਹੋਰ ਧਾਰਮਿਕ ਤੇ ਸੂਫ਼ੀ ਗੀਤਾਂ ਨਾਲ ਹਾਜ਼ਰੀ ਲਗਵਾ ਕੇ ਇਸ ਸੰਗੀਤਕ ਸ਼ਾਮ ਨੂੰ ਸਿਖਰਾਂ ‘ਤੇ ਪਹੁੰਚਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਿਨਟ ਮੰਤਰੀ ਭਾਰਤ ਭੂਸ਼ਨ ਆਸ਼ੂ ਤੇ ਰਜ਼ੀਆ ਸੁਲਤਾਨਾ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ, ਸਾਬਕਾ ਵਿਧਾਇਕ ਭਾਗ ਸਿੰਘ ਚੇਅਰਮੈਨ ਪੰਜਾਬ ਅਨੁਸੂਚਿਤ ਜਾਤੀ ਵਿੱਤ ਤੇ ਭੌਂ ਕਾਰਪੋਰੇਸ਼ਨ, ਵਿਸ਼ੇਸ਼ ਮੁੱਖ ਸਕੱਤਰ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਸ਼੍ਰੀ ਸੰਜੇ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਡਾਇਰੈਕਟਰ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਕਮਲਪ੍ਰੀਤ ਕੌਰ ਬਰਾੜ, ਮਾਲਵਿੰਦਰ ਸਿੰਘ ਜੱਗੀ ਆਈ ਏ ਐਸ, ਡਿਪਟੀ ਕਮਿਸ਼ਨਰ ਸੋਨਾਲੀ ਗਿਰਿ, ਐਸ ਐਸ ਪੀ ਵਿਵੇਕਸ਼ੀਲ ਸੋਨੀ ਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਮੌਜੂਦ ਸਨ।