ਲੁਧਿਆਣਾ : ਲੁਧਿਆਣਾ ਪੁੱਜੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਤਾਂ ਪਹਿਲਾਂ ਹੀ ਭਾਜਪਾ ਦੇ ਨਾਲ ਰਲੇ ਹੋਏ ਸਨ। ਚੌਧਰੀ ਨੇ ਖੁਲਾਸਾ ਕਰਦਿਆਂ ਕਿਹਾ ਕਿ ‘ਕੈਪਟਨ ਨੂੰ ਬਦਲਣ ਦਾ ਫ਼ੈਸਲਾ ਦੋ ਸਾਲ ਪਹਿਲਾਂ ਹੀ ਹੋ ਚੁੱਕਾ ਸੀ ਪਰ ਕੋਰੋਨਾ ਕਰਕੇ ਇਸ ਫ਼ੈਸਲੇ ਵਿਚ ਦੇਰੀ ਹੋਈ।’
ਹਰੀਸ਼ ਚੌਧਰੀ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਨੂੰ ਦੇਸ਼ ਅਤੇ ਕਿਸਾਨ ਦੀ ਜਿੱਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਉਮੈ ਦੀ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਹਿਲਾਂ ਵੀ ਕਿਸਾਨ ਦੇ ਨਾਲ ਸੀ, ਅੱਜ ਵੀ ਕਿਸਾਨ ਦੇ ਨਾਲ ਹੈ ਤੇ ਭਵਿੱਖ ਵਿਚ ਵੀ ਕਿਸਾਨ ਦੇ ਨਾਲ ਰਹੇਗੀ।
ਹਰੀਸ਼ ਚੌਧਰੀ ਨੇ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਨਗੀਆਂ ਪਰ ਕਾਂਗਰਸ ਕਿਸਾਨਾਂ ਦੇ ਮੁੱਦੇ ‘ਤੇ ਸਿਆਸਤ ਨਹੀਂ ਕਰੇਗੀ।
ਹਰੀਸ਼ ਚੌਧਰੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਸਰਕਾਰ ਪੰਜਾਬ ਵਿਚ ਬਿਹਤਰ ਕੰਮ ਕਰ ਰਹੀ ਹੈ। ਪਾਰਟੀ ਉਮੀਦਵਾਰਾਂ ਦੀ ਚੋਣ ਬਾਰੇ ਪੁੱਛੇ ਜਾਣ ’ਤੇ ਚੌਧਰੀ ਨੇ ਕਿਹਾ ਕਿ ਇਸ ਦਾ ਫੈਸਲਾ ਵਰਕਰਾਂ ਦੀ ਸਹਿਮਤੀ ਨਾਲ ਲਿਆ ਜਾਵੇਗਾ।
ਪੰਜਾਬ ਕਾਂਗਰਸ ਵਿੱਚ ਜਾਰੀ ਗੁਟਬਾਜ਼ੀ ਬਾਰੇ ਪੁੱਛੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਪਾਰਟੀ ਇਕਜੁੱਟ ਹੈ ਅਤੇ ਸਾਰੇ ਮਿਲ ਕੇ ਹੀ ਵਿਧਾਨ ਸਭਾ ਚੋਣਾਂ ਲੜਨਗੇ।