-ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ;
ਨਿਰਗੁਣ ਸਰੂਪ ਕਰਤਾ ਪੁਰਖ ਜੀ ਨੇ ਸਰਗੁਣ ਸਰੂਪ ਧਾਰਨ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੂਠੇ ਸਰੂਪ ਵਿਚ ਮਾਨਵ ਕਲਿਆਣ ਲਈ ਜਗਤ ਜਲੰਦੇ ਨੂੰ ਠਾਰ ਕੇ ਦੁੱਖ ਹਰਨ ਲਈ ਅਵਤਾਰ ਧਾਰਿਆ। ਜਗਤ ਗੁਰੂ ਜੀ ਨੇ ਅਗਿਆਨਤਾ ਦਾ ਅੰਧਕਾਰ ਮਿਟਾ ਕੇ ਗਿਆਨ ਦੇ ਚਾਨਣ ਨਾਲ ਜਗਤ ਨੂੰ ਨੂਰੋ-ਨੂਰ ਕੀਤਾ। ਜਾਬਰਾਂ ਜ਼ਾਲਮਾਂ ਦੀ ਪਾਪੀ ਜ਼ਹਿਨੀਅਤ ਨੂੰ ਝੰਜੋੜਿਆ। ਮਿਹਨਤਕਸ਼ ਕਿਰਤੀਆਂ ਨੂੰ ਵਡਿਆਇਆ। ਗਿਆਨ ਵਿਗਿਆਨ ਦੀ ਮਹਿਮਾ ਵਧਾਈ। ਤਰਕ,ਦਲੀਲ, ਹਲੀਮੀ, ਨਿਮਰਤਾ, ਗਿਆਨ ਸਦਕਾ ਹੰਕਾਰੀਆਂ ਦੇ ਹੰਕਾਰ ਨੂੰ ਠੱਲਿਆ ਅਤੇ ਉਨ੍ਹਾਂ ਨੂੰ ਨਾਨਕ ਨਿਰਮਲ ਪੰਥ ਦੇ ਗੁਰਸਿੱਖੀ ਮਾਰਗ ਤੇ ਪਾਇਆ। ਗੁਰਬਾਣੀ ਕੀਰਤਨ ਦੀ ਬਰਕਤ ਨਾਲ ਠੱਗਾਂ ਰਾਖਸ਼ਾਂ ਦੀ ਮਾਨਸਿਕ ਆਤਮਿਕ ਕਾਇਆ-ਕਲਪ ਕਰਕੇ ਮਾਨਵੀ ਸਦਗੁਣਾਂ ਦਾ ਰਾਹ-ਦਸੇਰਾ ਥਾਪਿਆ।
ਪਿਤਾ ਮਹਿਤਾ ਕਾਲੂ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ ਰਾਇ-ਭੋਏ ਦੀ ਤਲਵੰਡੀ (ਨਨਕਾਣਾ ਸਾਹਿਬ। ਵਰਤਮਾਨ ਸਮੇਂ ਨਨਕਾਣਾ ਸਾਹਿਬ ਜ਼ਿਲ੍ਹਾ ਸਦਰ ਮੁਕਾਮ ਹੈ) ਵਿਖੇ ਪ੍ਰਕਾਸ਼ ਧਾਰਨ ਸਬੰਧੀ ਭਾਈ ਬਾਲੇ ਵਾਲੀ ਜਨਮਸਾਖੀ ਵਿਚ ਦਰਜ ਹੈ,” ੧ਓ ਸਤਿਗੁਰਪ੍ਰਸਾਦਿ।ਜਨਮ ਪਤ੍ਰੀ ਗੁਰੂ ਨਾਨਕ ਵੇਦੀ ਕੀ ਸਮਤੁ ੧੫੨੬ ਮਿਤੀ ਕਤਕ ਸੁਦੀ ਪੂਰਨ ਮਾਸੀ। ਨਾਨਕ ਜਨਮੁ ਲੀਤਾ ਅਧੀ ਰਾਤਿ ਘੜੀ ਉਪਰਿ ਕਾਲੂ ਵੇਦੀ ਦੇ ਘਰਿ। ਕਾਲੂ ਦਾ ਕੁਲਾ ਪਰੋਹਿਤ ਹਰਿਦਇਆਲ ਬ੍ਰਹਮਣ ਆਹਾ ਅਤੇ ਨਾਲੇ ਗੁਰਦੇਵ ਆਹਾ।”ਅੱਗੇ ਲਿਖਿਆ ਹੈ,” ਤਾਂ ਫੇਰਿ ਪੰਡਿਤ ਕਹਿਆ ਕਾਲੂ ਅੰਦਰੋਂ ਖਬਰਿ ਪੁਛ। ਕਾਲੂ ਦਉਲਤ ਦਾਈ ਬਾਹਰ ਸਦੀ।ਦਾਈ ਹਈ ਤਾਂ ਓਸ ਥੀ ਪੁਛੀ। “ਕਿਉ ਜੀ ਮੈਨੂ ਕਿਉ ਸੱਦਿਆ ਹੈ”। ਕਾਲੂ ਕਹਿਆ,”ਦਾਈ ਕਿਛੁ ਪੰਡਿਤੁ ਪੁਛਦਾ ਹੈ। ਤੂ ਜਾਣਦੀ ਹੈ ਤਾਂ ਦਸੁ।ਦਾਈ ਕਹਿਆ,”ਪੰਡਿਤ ਜੀ ਕੁਛ ਪੁਛੋ।”ਪੰਡਿਤ ਕਹਿਆ “ਦਾਈ ਬਾਲਕ ਕਿਆ ਸਬਦੁ ਲੈ ਜਨਮਿਆ ਹੈ।”ਅਗੇ ਦਾਈ ਬੋਲੀ “ਪੰਡਿਤ ਜੀ ਮੇਰੇ ਹੱਥ ਵਿਚਿ ਕਿਤਨੇ ਬਾਲਕ ਜਨਮੇ ਹੈਣਿ ਪਰੁ ਅਜੇਹਾ ਬਾਲਕ ਇਸ ਤਰਹ ਕੋਈ ਨਾਹੀ ਜਨਮਿਆ।ਇਸ ਦਾ ਅਵਾਜੁ ਇਸੁ ਤਰਹ ਨਿਕਲਿਆ ਜਿਸ ਤਰਾ ਕੋਈ ਵਡਾ ਸਿਆਣਾ ਹਸਿਆ ਕਰਿ ਮਿਲਦਾ ਹੈ।ਇਸ ਬਾਲਕ ਦੀ ਮੈਨੋ ਹੈਰਾਨਗੀ ਲਗੀ ਹੈ। ਪੰਡਿਤ ਕਹਿਆ,”ਭਲਾ ਦਾਈ ਜਾਇ।” ਪੰਡਿਤ ਕਹਿਆ,”ਸੁਣਿ ਕਾਲੂ ਬਾਲਕ ਸਤਾਈ ਨਛਤ੍ਰ ਪੂਰੇ ਜਨਮਿਆ ਹੈ।.. ਇਸ ਦੇ ਸਿਰਿ ਛਤ੍ਰ ਫਿਰਿਆ ਲੋੜੀਐ ਮੈ ਵਡਾ ਹੈਰਾਨੁ ਹਾਂ।ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ ਸ਼੍ਰੀ ਗੁਰ ਨਾਨਕ ਪ੍ਰਕਾਸ਼ ਵਿਚ ਇਸਤਰਾਂ ਪੁਸ਼ਟੀ ਕਰਦੇ ਹਨ :
“ਬੋਲੀ ਬਚਨ ਦੌਲਤਾਂ ਦਾਈ।ਸੁਨਹੁ ਬ੍ਰਿਤਾਂਤ ਅਹੋ ਦਿਜਰਾਈ।।
ਬਹੁ ਸਿਸ ਜਨਮੇ ਮਮ ਕਰ ਮਾਂਹੀ।ਯਹਿ ਅਚਰਜ ਕਬਿ ਦੇਖਯੋ ਨਾਂਹੀ।।
ਇਸ ਪਵਿੱਤਰ ਅਸਥਾਨ ਤੇ ਗੁਰਦੁਆਰਾ ਜਨਮ ਅਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਭਾਇਮਾਨ ਹੈ।ਜਨਮ ਸਾਖੀ ਪਰੰਪਰਾ (ਇਤਿਹਾਸਕ ਦ੍ਰਿਸ਼ਟੀਕੋਣ ਤੋਂ) ਵਿਚ ਡਾ.ਕਿਰਪਾਲ ਸਿੰਘ ਜਨਮਸਾਖੀਆਂ ਦੇ ਹਵਾਲੇ ਨਾਲ ਦਰਜ ਕਰਦੇ ਹਨ,” ਜਨਮ ਸਮੇਂ ਬਾਲਕ ਨਾਨਕ ਨੇ ਹੋਰਨਾਂ ਬਾਲਕਾਂ ਵਾਂਗੂੰ “ਊਆਂ ਊਆਂ” ਨਹੀਂ ਕੀਤਾ ਸਗੋਂ “ਤੇਰੋ ਨਾਉਂ ਤੇਰੋ ਨਾਉਂ” ਦਾ ਉਚਾਰਣ ਕੀਤਾ। ਜਨਮ ਤੋਂ ਹੀ ਨਾਨਕ ਜੀ ਸਹਿਜ ਤੇ ਸ਼ਾਂਤੀ ਸੁਭਾ ਵਾਲੇ ਸਨ। ਹੋਰਨਾਂ ਬਾਲਕਾਂ ਵਾਂਗ ਰੋਣ ਦੀ ਆਦਤ ਨਹੀਂ ਸੀ। ਜਦੋਂ ਇਹ ਤੇਰਾਂ ਦਿਨਾਂ ਦੇ ਹੋਏ ਤਾਂ ਇਨ੍ਹਾਂ ਦਾ ਨਾਉਂ ਆਪਣੀ ਵੱਡੀ ਭੈਣ ਨਾਨਕੀ ਦੇ ਨਾਉਂ ਤੇ ਨਾਨਕ ਰੱਖਿਆ ਗਿਆ।
ਭਾਈ ਬਾਲੇ ਵਾਲੀ ਜਨਮਸਾਖੀ ਅਨੁਸਾਰ ਜਦੋਂ ਨਾਨਕ ਜੀ ਸੱਤ ਵਰ੍ਹੇ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਨੇ ਸ਼ੁਭ ਦਿਨ ਵੇਖ ਕੇ ਪਾਂਧੇ ਪਾਸ ਪੜ੍ਹਨੇ ਪਾਇਆ। ਪਾਂਧੇ ਨੇ ਲੰਡਿਆਂ ਦੀ ਪੱਟੀ, ਜਿਸਨੂੰ ਉਸ ਸਮੇਂ ਸਿਧੋਘਾਇਆ ਕਹਿੰਦੇ ਸਨ,ਲਿੱਖ ਦਿੱਤੀ। ਕੁਝ ਵਰ੍ਹੇ ਇਸ ਤਰ੍ਹਾਂ ਪੜ੍ਹਾਈ ਵਿਚ ਬੀਤੇ ਤੇ ਬਾਲਕ ਨੇ ਪਾਂਧੇ ਨੂੰ ਬਹੁਤ ਪ੍ਰਭਾਵਿਤ ਕੀਤਾ। ਥੋੜੇ ਸਮੇਂ ਵਿਚ ਹੀ ਪੜ੍ਹਾਈ ਤੇ ਲਿਖਾਈ ਦਾ ਕੰਮ ਖਤਮ ਕਰ ਲਿਆ ਅਤੇ ਹਿੰਦੂ ਧਰਮ ਅਤੇ ਧਰਮ ਗ੍ਰੰਥਾਂ ਵੇਦਾਂ ਸ਼ਾਸਤਰਾਂ ਬਾਰੇ ਬਹੁਤ ਜਾਣਕਾਰੀ ਹਾਸਿਲ ਕਰ ਲਈ, ਜਿਸ ਬਾਰੇ ਸੰਕੇਤ ਗੁਰਬਾਣੀ ਵਿਚ ਹਨ:
” ਚਾਰੇ ਵੇਦ ਹੋਏ ਸਚਿਆਰ।ਪੜਹਿ ਗੁਣਹਿ ਤਿਨ੍ਹ ਚਾਰ ਵੀਚਾਰ।।
ਇਸ ਤੋਂ ਪਿੱਛੋਂ ਕਾਲੂ ਨੇ ਆਪਣੇ ਪੁੱਤਰ ਨੂੰ ਫਾਰਸੀ ਪੜ੍ਹਾਉਣ ਦਾ ਵਿਚਾਰ ਕੀਤਾ।ਇਕ ਦਿਨ ਉਨ੍ਹਾਂ ਨੂੰ ਮੁਲਾਂ ਕੋਲ ਲੈ ਗਏ। ਪਹਿਲੇ ਦਿਨ ਮੁਲਾਂ ਨੇ ਫ਼ਾਰਸੀ ਦੇ ਅੱਖਰ ਅਲਫ,ਬੇ ਆਦਿ ਸਿਖਾਏ।ਨਾਨਕ ਜੀ ਨੇ ਇਹ ਸਭ ਕੁਝ ਛੇਤੀ ਹੀ ਯਾਦ ਕਰ ਲਿਆ ਤੇ ਅੱਖਰ ਲਿਖਣ ਵਿਚ ਵੀ ਮੁਹਾਰਤ ਹਾਸਲ ਕਰ ਲਈ,ਹਿਸਾਬ ਕਿਤਾਬ ਜਮ੍ਹਾਂ ਖਰਚ ਆਦਿ ਸਿੱਖ ਲਿਆ। ਮੁਲਾਂ ਬਾਲਕ ਦੀ ਸਮਝ ਬੂਝ ਤੇ ਬਹੁਤ ਖੁਸ਼ ਹੋਇਆ। ਸਤਿਗੁਰਾਂ ਦੀ ਆਤਮਿਕ ਜੀਵਨ ਦੀ ਸੂਝ ਅਤੇ ਗੰਭੀਰ ਜੀਵਨ ਵੇਖ ਕੇ ਨਗਰ ਦੇ ਹਿੰਦੂ ਮੁਸਲਮਾਨ ਸਿਰ ਨਿਵਾਉਣ ਲੱਗ ਪਏ ਸਨ।ਰਾਇ ਬੁਲਾਰ ਨੂੰ ਵੀ ਨਿਸਚਾ ਹੋ ਗਿਆ ਸੀ ਕਿ ਬਾਲਕ ਨਾਨਕ ਉੱਤੇ ਖ਼ੁਦਾ ਦੀ ਖਾਸ ਰਹਿਮਤ ਹੈ।ਜਿਸ ਮੁਕੱਦਸ ਅਸਥਾਨ ਤੇ ਬਲਕ ਗੁਰਦੇਵ ਜੀ ਨੇ ਪੰਡਿਤ ਗੋਪਾਲ ਦਾਸ, ਪੰਡਿਤ ਬ੍ਰਿਜ ਲਾਲ ਅਤੇ ਮੌਲਵੀ ਕੁਤਬਦੀਨ ਪਾਸੋਂ ਹਿੰਦੀ, ਸੰਸਕ੍ਰਿਤ ਅਤੇ ਫ਼ਾਰਸੀ ਦੀ ਤਾਲੀਮ ਹਾਸਿਲ ਕੀਤੀ ਉਸ ਅਸਥਾਨ ਤੇ ਗੁਰਦੁਆਰਾ ਪੱਟੀ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਜਨਮ ਅਸਥਾਨ ਦੇ ਨਜ਼ਦੀਕ ਗੁਰਦੁਆਰਾ ਬਾਲ ਲੀਲਾ ਹੈ, ਜਿਥੇ ਗੁਰੂ ਜੀ ਬਾਲ ਉਮਰੇ ਆਪਣੇ ਬਾਲ ਸਾਥੀਆਂ ਨਾਲ ਖੇਡਦੇ ਹੁੰਦੇ ਸਨ। ਦਸ ਸਾਲਾਂ ਦੀ ਉਮਰ ਵਿਚ ਬਾਲਕ ਗੁਰਦੇਵ ਜੀ ਨੇ ਸ਼ਾਸਤਰਾਂ ਦੇ ਅਧਿਕਾਰ ਨੂੰ ਰੱਦ ਕਰ ਕੇ ਅਤੇ ਜਨੇਊ ਪਹਿਨਣ ਤੋਂ ਨਾਂਹ ਕਰਕੇ ਸਦੀਆਂ ਦੇ ਬਣੇ ਭਰਮ ਨੂੰ ਤੋੜ ਦਿੱਤਾ ਸੀ। ਆਪਜੀ ਨੇ ਅਜਿਹੇ ਰੂਹਾਨੀ ਜਨੇਊ ਦਾ ਸੰਕਲਪ ਦ੍ਰਿੜਾਇਆ ਜਿਸ ਨੂੰ ਧਾਰਨ ਕਰ ਮਨ ਆਤਮਾ ਵਿਚ ਦਯਾ, ਸੰਤੋਖ ਅਤੇ ਜਤ-ਸਤੀ ਸਦਗੁਣਾਂ ਦਾ ਸੰਚਾਰ ਹੋ ਜਾਵੇ:
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।।
ਇਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ।।
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ।।
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ।।…
ਕੁਝ ਵੱਡੇ ਹੋਣ ‘ਤੇ ਆਪ ਜੀ ਆਪਣੀਆਂ ਮੱਝਾਂ ਗਾਵਾਂ ਨੂੰ ਜਿਸ ਜਗ੍ਹਾ ਤੇ ਚਾਰਨ ਲਈ ਲੈ ਜਾਂਦੇ ਸਨ,ਉਸ ਜਗ੍ਹਾ ਪੁਰ ਗੁਰਦੁਆਰਾ ਕਿਆਰਾ ਸਾਹਿਬ ਹੈ।ਜਿਸ ਪਾਵਨ ਅਤੇ ਸੁਹਾਵਣੀ ਧਰਤ ਤੇ ਦਿਨ ਢਲ਼ ਜਾਣ ਤੇ ਦਰੱਖ਼ਤ ਅਤੇ ਫ਼ਨੀਅਰ ਸੱਪ ਨੇ ਗੁਰਦੇਵ ਦੇ ਨੂਰੀ ਮੁੱਖੜੇ ਤੇ ਛਾਂ ਕੀਤੀ ਸੀ, ਨਨਕਾਣਾ ਸਾਹਿਬ ਦੇ ਉਸ ਪਵਿੱਤਰ ਅਸਥਾਨ ਤੇ ਗੁਰਦੁਆਰਾ ਮਾਲ ਜੀ ਸਾਹਿਬ ਸੁਭਾਇਮਾਨ ਹੈ। ਪਿਤਾ ਜੀ ਵੱਲੋਂ ਦਿੱਤੇ ਵੀਹ ਰੁਪਇਆਂ ਨਾਲ ਮੰਡੀ ਚੂੜ੍ਹਕਾਣੇ ਤੋਂ ਸੱਚਾ ਸੌਦਾ ਕਰਕੇ ਜਿਸ ਮੁਤਬੱਰਕ ਅਸਥਾਨ ਪੁਰ ਕੁਝ ਵਕਤ ਬਿਰਾਜੇ ਸਨ,ਉਸ ਧਾਰਮਿਕ ਅਸਥਾਨ ਤੇ ਗੁਰਦੁਆਰਾ ਤੰਬੂ ਸਾਹਿਬ ਹੈ।
ਮਹਿਤਾ ਕਾਲੂ ਜੀ ਰਾਇ ਬੁਲਾਰ ਦੇ ਦਸ ਪਿੰਡਾਂ ਦੇ ਪਟਵਾਰੀ ਸਨ। ਭਾਈ ਮਰਦਾਨੇ ਦਾ ਬਾਪ ਮੀਰ ਬਾਦਰਾ ਸੀ, ਜਿਸ ਦਾ ਜੀਵਨ ਲੋੜਾਂ ਦੀ ਪੂਰਤੀ ਲਈ ਹੋਰ ਨਗਰ ਨਿਵਾਸੀਆਂ ਅਤੇ ਮਹਿਤਾ ਕਾਲੂ ਦੇ ਘਰ ਆਮ ਆਉਣ-ਜਾਣ ਸੀ। ਬਾਪ ਨਾਲ ਅਕਸਰ ਮਰਦਾਨਾ ਵੀ ਹੁੰਦਾ ਸੀ। ਮਰਦਾਨਾ ਗੁਰੂ ਨਾਨਕ ਦੇਵ ਜੀ ਨਾਲੋਂ ਉਮਰ ਵਿਚ ਸਵਾ ਕੁ ਨੌਂ ਸਾਲ ਵੱਡਾ ਸੀ। ਮਰਦਾਨੇ ਨੂੰ ਰਾਗ ਦਾ ਬੜਾ ਸ਼ੌਕ ਸੀ ਅਤੇ ਤੰਤੀ ਸਾਜ਼ ਰਬਾਬ ਵਜਾਉਣ ਵਿਚ ਪ੍ਰਬੀਨ ਸੀ।ਰਾਗ-ਸਾਜ਼ ਵਿਚ ਪ੍ਰਬੀਨਤਾ ਦੀ ਬਰਕਤ ਸਦਕਾ ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਦੀ ਉਮਰ ਭਰ ਦੀ ਸੰਗਤ ਦਾ ਸੁਭਾਗ ਪ੍ਰਾਪਤ ਹੋਇਆ। ਗੁਰਦੇਵ ਜਦ ਹਿਰਦੇ ਵਿਚ ਉੱਗਮੀ ਧੁਰ ਕੀ ਬਾਣੀ ਦਾ ਗਾਇਨ ਮਰਦਾਨੇ ਦੀ ਵਜਦੀ ਰਬਾਬ ਸੰਗ ਕਰਦੇ ਸਨ ਤਾਂ ਅਨੂਠਾ ਵਾਤਾਵਰਨ ਸਿਰਜਿਆ ਜਾਂਦਾ ਸੀ।
ਗੁਰੂ ਨਾਨਕ ਦੇਵ ਜੀ ਦੀ ਰੂਹ ਆਤਮਾ ਤਾਂ ਨਿਰੰਕਾਰ ਨਿਰੰਜਣ ਕਰਤਾਰ ਦੇ ਨਾਮ ਵਿਚ ਇਕ ਰਸ ਲੀਨ ਰਹਿੰਦੀ ਸੀ।ਖਾਲਿਕ ਦੀ ਬੰਦਗੀ ਅਤੇ ਖ਼ਲਕਤ ਨਾਲ ਪਿਆਰ ਸਦਕਾ ਰਿਧੀਆਂ ਸਿਧੀਆਂ ਗੁਰਦੇਵ ਦੇ ਚਰਨ ਕਮਲਾਂ ਵਿਚ ਹਾਜ਼ਰ ਸਨ।
ਗ੍ਰਿਹਸਤੀ ਜੀਵਨ ਦੀ ਮਰਿਆਦਾ ਅਨੁਸਾਰ ਆਪਜੀ ਦੀ ਕੁੜਮਾਈ , ਬਟਾਲਾ ਨਿਵਾਸੀ ਭਾਈ ਮੂਲ ਚੰਦ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਪੰਜ ਵੈਸਾਖ ਸੰਮਤ 1542 ਨੂੰ ਹੋਈ।ਇਹ ਰਿਸ਼ਤਾ ਗੁਰੂ ਨਾਨਕ ਦੇਵ ਜੀ ਦੇ ਭਣਵਈਏ ਭਾਈ ਜੈ ਰਾਮ ਜੀ ਰਾਹੀਂ ਹੋਇਆ ਸੀ। ਭਾਈ ਮੂਲ ਚੰਦ ਜੀ ਪੱਖੋਕੇ ਰੰਧਾਵਾ ਦੇ ਪਟਵਾਰੀ ਸਨ। ਗੁਰੂ ਜੀ ਦਾ ਵਿਆਹ 24 ਜੇਠ ਸੰਮਤ 1544 ਮੁਤਾਬਕ 21 ਮਈ ਸੰਨ 1487 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਨਗਰ ਬਟਾਲਾ ਵਿਖੇ ਹੋਇਆ । ਜਿਸ ਜਗ੍ਹਾ ਜੰਜ ਦਾ ਉਤਾਰਾ ਹੋਇਆ ਸੀ, ਉਸ ਜਗ੍ਹਾ ਗੁਰਦੁਆਰਾ ਕੰਧ ਸਾਹਿਬ ਹੈ ਅਤੇ ਗੁਰਦੁਆਰਾ ਸਾਹਿਬ ਵਿਚ ਕੱਚੀ ਕੰਧ ਨੂੰ ਸੰਭਾਲਿਆ ਹੋਇਆ ਹੈ। ਇਤਿਹਾਸਕ ਹਵਾਲਿਆਂ ਮੁਤਾਬਕ ਸਤਿਗੁਰ ਜੀ ਦੇ ਘਰ ਬਾਬਾ ਸ੍ਰੀ ਚੰਦ ਜੀ ਦਾ ਜਨਮ ਭਾਦਰੋਂ ਸੁਦੀ 9 ਸੰਮਤ 1551 ਮੁਤਾਬਕ ਅਗਸਤ 1494 ਨੂੰ ਅਤੇ ਬਾਬਾ ਲਖਮੀ ਦਾਸ ਜੀ ਦਾ ਜਨਮ 29 ਫੱਗਣ ਸੰਮਤ 1553 ਮੁਤਾਬਕ ਮਾਰਚ 1497 ਨੂੰ ਹੋਇਆ।
ਗੁਰੂ ਨਾਨਕ ਦੇਵ ਜੀ “ਏਕ ਨੂਰ ਤੇ ਸਭ ਜਗ ਉਪਜਿਆ” ਅਗੰਮੀ ਬੋਲਾਂ ਨੂੰ ਹਿਰਦੇ ਵਿਚ ਵਸਾਈ ਸਦਾ ਲੋੜਵੰਦਾਂ ਦੀ ਮਦਦ ਕਰਦੇ ਸਨ ਅਤੇ ਹੱਥੋਂ ਦੇ ਕੇ ਭਲਾ ਕਮਾਉਂਦੇ ਸਨ ਜੋ ਕਿ ਉਨ੍ਹਾਂ ਦੇ ਪਿਤਾ ਜੀ ਨੂੰ ਪਸੰਦ ਨਹੀਂ ਸੀ । ਵਿਚਾਰਾਂ ਵਿੱਚ ਬਖਾਂਦ ਕਾਰਨ ਬਾਬਾ ਕਾਲੂ ਜੀ ਗੁਰੂ ਨਾਨਕ ਦੇਵ ਜੀ ਨਾਲ ਨਰਾਜ਼ ਰਹਿੰਦੇ ਸਨ। ਇਹ ਪਰਿਵਾਰਕ ਮਾਹੌਲ ਦਾ ਭੈਣ ਨਾਨਕੀ ਅਤੇ ਭਾਈਆ ਜੈ ਰਾਮ ਨੂੰ ਵੀ ਪਤਾ ਸੀ। ਭਾਈ ਜੈ ਰਾਮ ਜੀ ਦਾ ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖ਼ਾਂ ਲੋਧੀ ਨਾਲ ਬੜਾ ਚੰਗਾ ਰਸੂਖ ਸੀ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਮੋਦੀ ਬਨਾਉਣ ਲਈ ਨਵਾਬ ਨੂੰ ਮਨਾ ਲਿਆ। ਭਾਈ ਜੈ ਰਾਮ ਜੀ ਨੇ ਸੁਨੇਹਾ ਭੇਜ ਕੇ ਗੁਰੂ ਸਾਹਿਬ ਨੂੰ ਆਪਣੇ ਪਾਸ ਸੁਲਤਾਨਪੁਰ ਲੋਧੀ ਬੁਲਾ ਲਿਆ। ਤਲਵੰਡੀ ਤੋਂ ਚਲਣ ਸਮੇਂ ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਆਪਣੇ ਨਾਲ ਲੈ ਲਿਆ। ਸੁਲਤਾਨਪੁਰ ਲੋਧੀ ਵਿਖੇ ਪਾਤਸ਼ਾਹ ਨੇ ਨਵੰਬਰ ਸੰਨ 1504 ਵਿਚ ਨਵਾਬ ਦੌਲਤ ਖ਼ਾਂ ਲੋਧੀ ਦੇ ਮੋਦੀਖਾਨੇ ਵਿਚ ਬਤੌਰ ਮੋਦੀ ਕੰਮ ਕਾਰ ਸੰਭਾਲ ਲਿਆ। ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨਾਲ ਮਿਲ ਕੇ ਅੰਮਿ੍ਤ ਵੇਲੇ ਤੋਂ ਦਿਨ ਚੜ੍ਹੇ ਤਕ ਅਕਾਲ ਪੁਰਖ ਦੀ ਸਿਫਤ ਸਾਲਾਹ ਦਾ ਕੀਰਤਨ ਕਰਦੇ। ਰਾਤ ਨੂੰ ਵੀ ਸੌਣ ਦੇ ਸਮੇਂ ਤਕ ਕੀਰਤਨ ਕਰਦੇ ਸਨ। ਮੋਦੀਖਾਨੇ ਵਿਚ ਆਪਜੀ ਦੇ ਕੰਮ ਢੰਗ ਸਬੰਧੀ ਜਨਮ ਸਾਖੀ ਵਿਚ ਦਰਜ਼ ਹੈ,”ਐਸਾ ਕੰਮ ਕਰਨਿ,ਜੋ ਸਭੁ ਕੋਈ ਖੁਸ਼ੀ ਹੋਵੈ।ਸਭੁ ਲੋਕ ਆਖਨਿ ਜੋ ਵਾਹ ਵਾਹ ਕੋਈ ਭਲਾ ਹੈ।ਸਭੁ ਕੋ ਖਾਨ ਆਗੈ ਸੁਪਾਰਸ਼ ਕਰੇ।ਖਾਨੁ ਬਹੁਤ ਖੁਸ਼ੀ ਹੋਆ।”ਗੁਰੂ ਜੀ ਦੀ ਮਹਿਮਾ-ਮਈ ਕਾਰ,ਜੀਵਨ ਮਰਿਯਾਦਾ,ਰਹਿਣੀ ਬਹਿਣੀ ਅਤੇ ਗ਼ਰੀਬ-ਪਰਵਰੀ ਤੋਂ ਪ੍ਰਭਾਵਿਤ ਮਲਸੀਆਂ ਨਿਵਾਸੀ ਭਾਈ ਭਗੀਰਥ ਅਤੇ ਉਸ ਦਾ ਜਾਣੂੰ ਲਾਹੌਰ ਵਾਸੀ ਭਾਈ ਮਨਸੁਖ ਨੇ ਸਿੱਖੀ ਜੀਵਨ ਦਾ ਮਾਰਗ ਧਾਰਨ ਕਰ ਲਿਆ। ਭਾਈ ਮਨਸੁਖ ਦੀ ਪਵਿੱਤਰ ਜੀਵਨ ਜਾਚ ਤੋਂ ਪ੍ਰਭਾਵਿਤ ਹੋ ਕੇ ਸਿੰਘਲਾਦੀਪ ਦਾ ਰਾਜਾ ਸ਼ਿਵਨਾਭ ਭੀ ਗੁਰੂ ਚਰਨਾਂ ਦਾ ਉਪਾਸ਼ਕ ਬਣ ਗਿਆ। ਇਥੇ ਗੁਰੂ ਜੀ ਅਗਸਤ 1507 ਤਕ ਤਕਰੀਬਨ ਦੋ ਸਾਲ ਦਸ ਮਹੀਨੇ ਰਹੇ। ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖ਼ਾਂ ਲੋਧੀ, ਕਾਜ਼ੀ ਅਤੇ ਹਾਜ਼ਰ ਨਮਾਜ਼ ਅਦਾ ਕਰਨ ਆਏ ਮੁਸਲਮਾਨ ਭਾਈਚਾਰੇ ਨੂੰ ਅਹਿਸਾਸ ਕਰਾਇਆ ਕਿ ਸਰੀਰਕ ਤਲ ਨਹੀਂ ਬਲਕਿ ਰੂਹ ਦੇ ਤਲ ਤੋਂ ਪੜ੍ਹੀ ਨਮਾਜ਼ ਕਬੂਲ ਹੁੰਦੀ ਹੈ।ਇਥੋਂ ਆਪਜੀ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਨੇਤਾਵਾਂ ਵੱਲੋਂ ਦੁਖੀ-ਸਹਿਮੀ ਲੋਕਾਈ ਦਾ ਦਰਦ ਵੰਡਣ ਲਈ ਉਦਾਸੀ ਰੂਪ ਧਾਰ ਚਲ ਪਏ।
ਸੁਲਤਾਨਪੁਰ ਲੋਧੀ ਤੋਂ ਭਾਈ ਮਰਦਾਨੇ ਸੰਗ ਗੁਰਦੇਵ ਸੈਦਪੁਰ (ਐਮਨਾਬਾਦ) ਭਾਈ ਲਾਲੋ ਦੇ ਘਰ ਠਹਿਰੇ ਜਿਥੇ ਉਨ੍ਹਾਂ ਨੇ ਮਲਕ ਭਾਗੋ ਨੂੰ ਅਹਿਸਾਸ ਕਰਾ ਦਿੱਤਾ ਕਿ ਮਿਹਨਤ ਨਾਲ ਕਮਾਇਆ ਭੋਜਨ ਪਦਾਰਥ ਦੁੱਧ ਨਿਆਈ ਅਤੇ ਪਾਪ ਨਾਲ ਲੁਟਿਆ ਲਹੂ ਬਰੋਬਰ ਹੈ। ਹਰਿਦੁਆਰ, ਅਯੁੱਧਿਆ ਅਤੇ ਪ੍ਰਯਾਗ ਵਿਖੇ ਬੈਰਾਗੀਆਂ ਅਤੇ ਹਿੰਦੂ ਜਨਤਾ ਨੂੰ ਮੂਰਤੀ ਪੂਜਾ ਛੱਡ ਪ੍ਰਮਾਤਮਾ ਦੇ ਸਿਮਰਨ ਦਾ ਉਪਦੇਸ਼ ਦਿੱਤਾ। ਬਨਾਰਸ ਵਿਖੇ ਗੁਰਦੇਵ ਜੀ ਨੇ ਕਬੀਰ ਜੀ, ਰਵਿਦਾਸ ਜੀ, ਰਾਮਾਨੰਦ ਜੀ, ਸੈਣ ਜੀ ਅਤੇ ਭਗਤ ਪੀਪਾ ਜੀ ਦੀ ਬਾਣੀ ਦਾ ਉਤਾਰਾ ਕੀਤਾ।ਬੰਗਾਲ ਜਾ ਕੇ ਭਗਤ ਜੈਦੇਵ ਜੀ ਦੀ ਬਾਣੀ ਦਾ ਉਤਾਰਾ ਕੀਤਾ। ਜਗਨਨਾਥਪੁਰੀ ਵਿਖੇ ਸਰਬਵਿਆਪਕ ਪਰਮਾਤਮਾ ਦੀ ਆਰਤੀ ਉਤਾਰੀ। ਪਾਕਪਟਨ ਤੋਂ ਬਾਬਾ ਫ਼ਰੀਦ ਜੀ ਦੀ ਗੱਦੀ ਉੱਤੇ ਇਨ੍ਹਾਂ ਦੇ ਖਾਨਦਾਨ ਵਿਚੋਂ ਯਾਰਵੇਂ ਥਾਂ ਬੈਠੇ ਸ਼ੇਖ ਬ੍ਰਹਮ ਪਾਸੋਂ ਬਾਬਾ ਫ਼ਰੀਦ ਜੀ ਦੀ ਬਾਣੀ ਪ੍ਰਾਪਤ ਕੀਤੀ।ਆਪ ਜੀ ਨੇ ਉਦਾਸੀ ਯਾਤਰਾਵਾਂ ਦੌਰਾਨ ਗੁਰਬਾਣੀ ਕੀਰਤਨ ਦੀ ਬਰਕਤ ਨਾਲ ਕੌਡੇ ਭੀਲ(ਰਾਖ਼ਸ਼),ਸੱਜਣ,ਵਲੀ ਕੰਧਾਰੀ ਅਤੇ ਸੁਮੇਰ ਪਰਬਤ ਵਿਖੇ ਨਾਥਾਂ ਜੋਗੀਆਂ ਨੂੰ ਨਾਨਕ ਨਿਰਮਲ ਪੰਥ ਦੇ ਮਾਰਗ ਤੇ ਪਾ ਕੇ ਪਰਉਪਕਾਰ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਨਲ ਡਾ.ਦਲਵਿੰਦਰ ਸਿੰਘ ਗਰੇਵਾਲ ਦੇ ਛਪੇ ਕਿਤਾਬਚਿਆਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਨਿਪਾਲ,ਚੀਨ, ਸਾਊਦੀ ਅਰਬ, ਅਫਰੀਕਾ,ਭੂਟਾਨ, ਅਫ਼ਗ਼ਾਨਿਸਤਾਨ, ਸੈਂਟਰਲ ਏਸ਼ੀਆ, ਇਰਾਨ, ਅਜ਼ਰਬਾਈਜਾਨ, ਤੁਰਕੀ, ਫਲਸਤੀਨ, ਸੀਰੀਆ, ਈਸਟ ਏਸ਼ੀਆ, ਸ੍ਰੀ ਲੰਕਾ, ਨਿਪਾਲ, ਬੰਗਲਾਦੇਸ਼, ਇਰਾਕ, ਯੂਨਾਨ ਅਤੇ ਯੂਰਪ ਦੇਸ਼ਾਂ ਦੀ ਯਾਤਰਾ ਦਾ ਨਕਸ਼ਿਆਂ ਸਹਿਤ ਵਰਨਣ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿਚ ਪੰਨਾ 858 ਤੇ ਦਰਜ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਨੰਨ ਸਿੱਖ,ਚੰਦ੍ਰਭਾਨੁ ਸੰਧੂ ਦਾ ਸੁਪੁਤ੍ਰ ਭਾਈ ਬਾਲਾ,ਜੋ ਤਲਵੰਡੀ (ਨਾਨਕਿਆਨੇ) ਦਾ ਵਸਨੀਕ ਸੀ, ਜਨਮਸਾਖੀ ਅਤੇ ਗੁਰੁਨਾਨਕ ਪ੍ਰਕਾਸ਼ ਅਨੁਸਾਰ ਇਹ ਗੁਰੂ ਸਾਹਿਬ ਦੇ ਨਾਲ ਸਾਰੇ ਸਫ਼ਰਾਂ ਵਿਚ ਰਿਹਾ,ਅਰ ਗੁਰੂ ਅੰਗਦ ਸਾਹਿਬ ਨੂੰ ਇਸੇ ਨੇ ਹੀ ਗੁਰੂ ਨਾਨਕ ਦੇਵ ਦੀ ਕਥਾ ਸੁਣਾਈ, ਜਿਸ ਨੂੰ ਭਾਈ ਪੈੜੇ ਨੇ ਲਿਖਿਆ।.. ਭਾਈ ਬਾਲੇ ਦੀ ਉਮਰ ਗੁਰੂ ਨਾਨਕ ਦੇਵ ਤੋਂ ਤਿੰਨ ਵਰ੍ਹੇ ਵੱਡੀ ਲਿਖੀ ਹੈ, ਇਸ ਹਿਸਾਬ ਸੰਮਤ 1523 ਵਿੱਚ ਭਾਈ ਬਾਲਾ ਜਨਮਿਆ, ਇਸ ਦਾ ਦਿਹਾਂਤ ਸੰਮਤ 1601 ਵਿਚ ਖਡੂਰ ਹੋਇਆ, ਗੁਰੂ ਅੰਗਦ ਦੇਵ ਨੇ ਆਪਣੇ ਹੱਥੀਂ ਸਸਕਾਰ ਕੀਤਾ।”
ਆਪ ਜੀ ਨੇ ਮਾਨਵਤਾ ਤੇ ਬਖਸ਼ਿਸ਼ ਕਰਕੇ ਧੁਰ ਕੀ ਬਾਣੀ ਦੀ ਰਚਨਾ ਕੀਤੀ । ਗਿਆਨ ਅਤੇ ਗੁਰੂ ਦੀ ਮਹੱਤਤਾ ਨੂੰ ਬਾਣੀ ਵਿਚ ਦਰਸਾਇਆ ਗਿਆ ਹੈ:
“ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ।।
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ।।
ਪਰਮਾਰਥ ਦੇ ਰਸਤੇ ਤੇ ਚੱਲਣ ਲਈ ਰਸਨਾ ਵਿਚ ਮਿਠਾਸ ਅਤੇ ਸੁਭਾਅ ਵਿਚ ਨਿਮਰਤਾ ਹਲੀਮੀ ਉੱਤਮ ਗੁਣ ਹਨ:
“ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।।
ਸੰਨ 1521 ਵਿਚ ਗੁਰੂ ਨਾਨਕ ਪਾਤਸ਼ਾਹ ਨੇ ਪਰਿਵਾਰ ਅਤੇ ਸਿੱਖ ਸੇਵਕਾਂ ਸਮੇਤ ਰਾਵੀ ਦਰਿਆ ਦੇ ਕੰਢੇ ਵਸਾਏ ਨਗਰ ਕਰਤਾਰਪੁਰ ਵਿਖੇ ਉਦਾਸੀ ਪਹਿਰਾਵਾ ਉਤਾਰ ਪੱਕਾ ਦੁਨਿਆਵੀ ਟਿਕਾਣਾ ਬਣਾ ਲਿਆ। ਇਥੇ ਆਪਜੀ ਨੇ ਸ਼ਰਨੀ ਆਏ ਭਾਈ ਲਹਿਣਾ ਜੀ ਦੇ ਸਹਿਯੋਗ ਸਦਕਾ ਆਪਣੀ ਅਤੇ ਇਕੱਤਰ ਕੀਤੀ ਭਗਤ ਸਾਹਿਬਾਨ ਦੀ ਬਾਣੀ ਨੂੰ ਤਰਤੀਬ ਵਿਚ ਕੀਤਾ। ਆਪ ਜੀ ਦੀ ਬਾਣੀ ” ਜਪੁਜੀ ਸਾਹਿਬ”,”ਰਾਗ ਆਸਾ ਵਿਚ ਸੋਦਰੁ”, ਅਤੇ ” ਰਾਗ ਧਨਾਸਰੀ ਵਿਚ ਆਰਤੀ” ਸਿੱਖ ਨਿੱਤਨੇਮ ਵਿਚ ਸ਼ਾਮਿਲ ਹਨ। “ਆਸਾ ਦੀ ਵਾਰ”ਦਾ ਕੀਰਤਨ ਰੋਜ਼ਾਨਾ ਅੰਮ੍ਰਿਤ ਵੇਲੇ ਇਤਿਹਾਸਕ ਅਤੇ ਹੋਰ ਗੁਰਦੁਆਰਾ ਸਾਹਿਬ ਵਿਚ ਕੀਤਾ ਜਾਂਦਾ ਹੈ।
ਕਰਤਾਰਪੁਰ ਸਾਹਿਬ ਤੋਂ ਗੁਰੂ ਜੀ ਨੇ ਮਾਝੇ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਗੁਰਸਿੱਖੀ ਪ੍ਰਚਾਰ ਲਈ ਭ੍ਰਮਣ ਕਰਦੇ ਰਹੇ। ਮਾਝੇ ਦੇ ਭ੍ਰਮਣ ਦੌਰਾਨ ਹੀ ਸੰਨ 1518 ਵਿਚ ਪਿੰਡ ਮੰਦਰਾਂ ਵਾਲਾ ਦੀ ਰਮਣੀਕ ਜੂਹ ਵਿਚ ਬਾਬਾ ਬੁੱਢਾ ਜੀ ਆਪਜੀ ਦੀ ਸ਼ਰਨ ਵਿਚ ਆਏ। ਜੀਵਨ ਪੰਧ ਅਕਾਲ ਪੁਰਖ ਦੀ ਰਜ਼ਾ ਵਿਚ ਸੰਪੂਰਨ ਕਰ ਗੁਰੂ-ਜੋਤ ਭਾਈ ਲਹਿਣਾ ਜੀ ਵਿਚ ਟਿਕਾ ਦਿੱਤੀ। ਇਸ ਪਵਿੱਤਰ ਅਸਥਾਨ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸੁਸ਼ੋਭਿਤ ਹੈ। ਗੁਰੂ ਸਾਹਿਬ ਦੀ ਸਾਰੀ ਅਵਸਥਾ ਸੱਤਰ ਵਰ੍ਹੇ ਚਾਰ ਮਹੀਨੇ ਅਤੇ ਤਿੰਨ ਦਿਨ ਦੀ ਸੀ। “ਗੁਰੁ ਨਾਨਕ ਜਾਕਉ ਭਇਆ ਦਇਆਲਾ। ਸੋ ਜਨੁ ਹੋਆ ਸਦਾ ਨਿਹਾਲਾ।(ਆਸਾ ਮਹਲਾ ਪੰਜਵਾਂ)
ਮੋਬਾਈਲ:9815840755