ਕਾਬੁਲ : ਤਾਲਿਬਾਨ ਦੀ ਸਰਕਾਰ ਆਉਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਅਸਥਿਰਤਾ ਦਾ ਮਾਹੌਲ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਦੀ ਇਕ ਮਸਜਿਦ ‘ਚ ਬੰਬ ਧਮਾਕਾ ਹੋਣ ਦੀ ਖਬਰ ਮਿਲੀ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਮਸਜਿਦ ‘ਚ ਹੋਏ ਧਮਾਕੇ ‘ਚ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ।
ਇਲਾਕਾ ਨਿਵਾਸੀ ਅਟਲ ਸ਼ਿਨਵਾਰੀ ਨੇ ਦੱਸਿਆ ਕਿ ਇਹ ਧਮਾਕਾ ਦੁਪਹਿਰ ਕਰੀਬ 1:30 ਵਜੇ ਮਸਜਿਦ ਦੇ ਅੰਦਰਲੇ ਹਿੱਸੇ ‘ਚ ਜ਼ੋਰਦਾਰ ਧਮਾਕਾ ਹੋਇਆ।
ਤਾਲਿਬਾਨ ਦੇ ਇਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਧਮਾਕੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਤਾਲਿਬਾਨ ਅਧਿਕਾਰੀ ਨੇ ਘਟਨਾ ਦੀ ਹੋਰ ਜਾਣਕਾਰੀ ਨਹੀਂ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਦਰਜਨਾਂ ਲੋਕ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ ਸਨ। ਸ਼ਰਧਾਲੂਆਂ ਦਾ ਜਾਨੀ ਨੁਕਸਾਨ ਹੋਇਆ ਹੈ, ਪਰ ਅਜੇ ਤੱਕ ਮਰਨ ਵਾਲਿਆਂ ਦੀ ਗਿਣਤੀ ਨਹੀਂ ਦੱਸੀ ਗਈ ਹੈ।
ਇਸ ਦੇ ਨਾਲ ਹੀ ਮਸਜਿਦ ‘ਚ ਹੋਏ ਧਮਾਕੇ ਦੀ ਕਿਸੇ ਵੀ ਅੱਤਵਾਦੀ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਜਿਸ ਮਸਜਿਦ ‘ਚ ਧਮਾਕਾ ਹੋਇਆ ਸੀ, ਉਸ ‘ਚ ਸੁੰਨੀ ਮੁਸਲਮਾਨ ਸਨ।
ਦੱਸ ਦੇਈਏ ਕਿ ਅਫਗਾਨਿਸਤਾਨ ‘ਚ ਤਾਲਿਬਾਨ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਮਸਜਿਦਾਂ ‘ਤੇ ਹਮਲੇ ਤੇਜ਼ ਹੋ ਗਏ ਹਨ। ਪਹਿਲਾਂ ਵੀ ਕਈ ਸ਼ੀਆ ਮਸਜਿਦਾਂ ‘ਤੇ ਹਮਲੇ ਹੋ ਚੁੱਕੇ ਹਨ। ਇਸਲਾਮਿਕ ਸਟੇਟ ਨੇ ਅਕਤੂਬਰ ਦੇ ਸ਼ੁਰੂ ਵਿੱਚ ਅਫਗਾਨਿਸਤਾਨ ਦੇ ਕੁੰਦੁਜ਼ ਸ਼ਹਿਰ ਵਿੱਚ ਇੱਕ ਮਸਜਿਦ ਦੇ ਅੰਦਰ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਸੀ।