ਮੁੱਖ ਮੰਤਰੀ ਚੰਨੀ ਨੇ ਲੋਕਾਂ ਦੀ ਨਬਜ਼ ਨੂੰ ਪਛਾਣਦਿਆਂ ਅਹਿਮ ਫੈਸਲੇ ਕੀਤੇ: ਰਜਿੰਦਰ ਕੌਰ ਭੱਠਲ

TeamGlobalPunjab
3 Min Read

ਸੰਗਰੂਰ: ਪੰਜਾਬ ਰਾਜ ਯੋਜਨਾ ਬੋਰਡ ਦੇ ਵਾਈਸ ਚੇਅਰਪਰਸਨ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਲਏ ਜਾ ਰਹੇ ਲੋਕ ਪੱਖੀ ਫੈਸਲਿਆਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਬਾਰੇ ਡੂੰਘੀ ਜਾਣਕਾਰੀ ਹੈ ਅਤੇ ਉਹ ਜਿੰਨੀ ਤੇਜ਼ੀ ਨਾਲ ਵੱਖ ਵੱਖ ਮਹੱਤਵਪੂਰਨ ਲੋਕ ਪੱਖੀ ਫੈਸਲਿਆਂ ਨੂੰ ਸਫ਼ਲਤਾ ਨਾਲ ਲਾਗੂ ਕਰ ਰਹੇ ਹਨ ਉਹ ਬੇਹੱਦ ਸ਼ਲਾਘਾਯੋਗ ਹੈ।

ਇਥੇ ਰੈਸਟ ਹਾਊਸ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਨਬਜ਼ ਪਛਾਣਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਰਾਜ ਵਿੱਚ ‘ਪੰਜਾਬ ਪ੍ਰੋਟੈਕਸ਼ਨ ਐਂਡ ਰੈਗੁਲਰਾਈਜੇਸ਼ਨ ਆਫ਼ ਕੰਟਰੈਕਚੂਅਲ ਇੰਪਲਾਈਜ਼ ਬਿੱਲ ਨੂੰ ਹਰੀ ਝੰਡੀ ਦਿੰਦੇ ਹੋਏ 36 ਹਜ਼ਾਰ ਕਾਮਿਆਂ ਨੂੰ ਪੱਕਾ ਕਰਨ, ਡੀ.ਸੀ ਰੇਟ ਵਧਾਉਣ ਸਮੇਤ ਮੁਲਾਜ਼ਮ ਵਰਗ ਲਈ ਵੱਡੇ ਫੈਸਲੇ ਲਏ ਹਨ।

ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਆਪਣਾ ਘਰ ਹੋਵੇ, ਜਿਸਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਵੱਲੋਂ ਮੇਰਾ ਘਰ ਮੇਰੇ ਨਾਮ ਸਕੀਮ ਨੂੰ ਸ਼ੁਰੂ ਕੀਤਾ ਗਿਆ ਅਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਲਾਲ ਲਕੀਰ ਅੰਦਰ ਪੈਂਦੇ ਘਰਾਂ ਦੇ ਮਾਲਕਾਨਾ ਹੱਕ ਦੀਆਂ ਸੰਨਦਾ ਲਾਭਪਾਤਰੀਆਂ ਨੂੰ ਸੌਂਪੀਆਂ ਗਈਆਂ।

ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਦੋ ਕਿਲੋਵਾਟ ਤੱਕ ਦੇ ਬਿਜਲੀ ਦੇ ਬਕਾਇਆ ਬਿੱਲ ਮਾਫ਼ ਕਰਨ, ਪਾਣੀ ਦਾ ਬਿੱਲ 50 ਰੁਪਏ ਕਰਨ ਦੀ ਵੱਡੀ ਰਾਹਤ ਦੇਣ ਦੇ ਨਾਲ ਨਾਲ ਪੰਜਾਬ ਵਾਸੀਆਂ ਨੂੰ ਬਿਜਲੀ ਦੀਆਂ ਦਰਾਂ ਵਿੱਚ 3 ਰੁਪਏ ਪ੍ਰਤੀ ਯੂਨਿਟ ਕੀਮਤ ਘਟਾਉਣ ਦੀ ਸੌਗਾਤ ਦਿੱਤੀ ਗਈ ਅਤੇ ਹੁਣ ਹਾਲ ਹੀ ਵਿੱਚ ਰੇਤੇ ਦੀਆਂ ਕੀਮਤਾਂ ਨੂੰ ਘਟਾ ਕੇ ਲੋਕਾਂ ਨੂੰ ਵਿੱਤੀ ਤੌਰ ’ਤੇ ਰਾਹਤ ਦਿੱਤੀ ਗਈ ਹੈ।

ਵਾਈਸ ਚੇਅਰਪਰਸਨ  ਭੱਠਲ ਨੇ ਕਿਹਾ ਕਿ ਹੋਰ ਸਿਆਸੀ ਪਾਰਟੀਆਂ ਵੱਲੋਂ ਸਮੇਂ ਸਮੇਂ ’ਤੇ ਲੋਕਾਂ ਨਾਲ ਜੋ ਵਾਅਦੇ ਕੀਤੇ ਉਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਦਕਿ ਕਾਂਗਰਸ ਸਰਕਾਰ ਨੇ ਸੂਬੇ ਦੇ ਹਿੱਤਾਂ ਨੂੰ ਪ੍ਰਮੁੱਖਤਾ ਦਿੰਦੇ ਹੋਏ ਹਰੇਕ ਵਾਅਦੇ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਉਨ੍ਹਾ ਕਿਹਾ ਕਿ  ਚੰਨੀ ਨੇ ਸਾਰੇ ਵਰਗਾਂ ਨੂੰ ਸੁਵਿਧਾਵਾਂ ਦੇਣ ਦੀ ਮੁਹਿੰਮ ਨੂੰ ਠੋਸ ਰੂਪ ਦਿੱਤਾ ਹੋਇਆ ਹੈ ਜਿਸ ਤੋਂ ਸਾਰੇ ਸੂਬਾ ਵਾਸੀ ਖੁਸ਼ ਹਨ। ਇਸ ਮੌਕੇ ਸੀਨੀਅਰ ਆਗੂ ਸੁਰਿੰਦਰਪਾਲ ਸਿੰਘ ਸਿਬੀਆ ਤੇ ਸੁਭਾਸ਼ ਗਰੋਵਰ ਵੀ ਮੌਜੂਦ ਸਨ।

Share This Article
Leave a Comment