ਇੰਡੀਅਨ ਆਇਲ ਸਥਾਪਤ ਕਰੇਗੀ 10000 ‘ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ’

TeamGlobalPunjab
2 Min Read

ਨਵੀਂ ਦਿੱਲੀ :  ਪੈਟਰੋਲ ਅਤੇ ਡੀਜ਼ਲ ਦੀਆਂ ਰਿਕਾਰਡ ਵਧਦੀਆਂ ਕੀਮਤਾਂ ਵਿਚਾਲੇ ਦੁਨੀਆ ਭਰ ਵਿੱਚ ਵਾਹਨਾਂ ਦੇ ਬਾਲਣ ਲਈ ਨਵੇਂ ਬਦਲਾਅ ‘ਤੇ ਕੰਮ ਲਗਾਤਾਰ ਜਾਰੀ ਹੈ । ਇਲੈਕਟ੍ਰਿਕ ਵਾਹਨ, ਪੈਟਰੋਲ ਅਤੇ ਡੀਜ਼ਲ ਦੇ ਵਾਹਨਾਂ ਦੇ ਵੱਡੇ ਅਤੇ ਕਿਫ਼ਾਇਤੀ ਵਿਕਲਪ ਵਜੋਂ ਉਭਰ ਕੇ ਸਾਹਮਣੇ ਆਏ ਹਨ। ਇਸੇ ਦੇ ਚਲਦਿਆਂ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਲਈ ਬੁਨਿਆਦੀ ਢਾਂਚਾ ਬਹੁਤ ਤੇਜ਼ੀ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ।

 

 

ਪੈਟਰੋਲੀਅਮ ਕੰਪਨੀਆਂ ਵੀ ਇਸ ਬਦਲਾਅ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਤਿਆਰ-ਬਰ-ਤਿਆਰ ਨਜ਼ਰ ਆ ਰਹੀਆਂ ਹਨ। ਇਸ ਸਬੰਧ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਐਸ.ਐਮ.ਵੈਦਿਆ ਨੇ ਕਿਹਾ ਕਿ ਅਗਲੇ 12 ਮਹੀਨਿਆਂ ਵਿੱਚ ਅਸੀਂ ਦੇਸ਼ ਭਰ ਵਿੱਚ 2000 ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ (ਈਵੀ ਚਾਰਜਿੰਗ ਸਟੇਸ਼ਨ) ਬਣਾਵਾਂਗੇ। ਅਗਲੇ ਦੋ ਸਾਲਾਂ ਵਿੱਚ 8000 ਹੋਰ ਚਾਰਜਿੰਗ ਸਟੇਸ਼ਨ ਬਣਾਏ ਜਾਣਗੇ। ਕੰਪਨੀ ਨੇ ਅਗਲੇ ਤਿੰਨ ਸਾਲਾਂ ‘ਚ ਦੇਸ਼ ‘ਚ 10000 ਚਾਰਜਿੰਗ ਸਟੇਸ਼ਨ ਸਥਾਪਤ ਕਰਨ ਦਾ ਟੀਚਾ ਰੱਖਿਆ ਹੈ।

 

     ਬੀਤੇ ਦਿਨੀਂ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (HPCL) ਨੇ ਵੀ ਕਿਹਾ ਸੀ ਕਿ ਉਹ ਦੇਸ਼ ਵਿੱਚ 5000 ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ ਸਥਾਪਤ ਕਰੇਗੀ। ਐਚਪੀਸੀਐਲ ਦੇ ਸੀਐਮਡੀ ਮੁਕੇਸ਼ ਕੁਮਾਰ ਸੁਰਾਣਾ ਦਾ ਕਹਿਣਾ ਹੈ ਕਿ ਕੰਪਨੀ ਦਾ ਟੀਚਾ 5000 ਪੈਟਰੋਲ ਪੰਪਾਂ ‘ਤੇ ‘ਈਵੀ ਚਾਰਜਿੰਗ ਸਟੇਸ਼ਨ’ ਸਥਾਪਤ ਕਰਨਾ ਹੈ। ਉਨ੍ਹਾਂ ਕਿਹਾ ਕਿ ਕੁਝ ਪੈਟਰੋਲ ਪੰਪਾਂ ‘ਤੇ ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਪਹਿਲਾਂ ਹੀ ਸਥਾਪਿਤ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਕੰਪਨੀ ਦੇ ਪੈਟਰੋਲ ਪੰਪਾਂ ‘ਤੇ ਪਹਿਲਾਂ ਵਾਂਗ ਹੀ ਪੈਟਰੋਲ, ਡੀਜ਼ਲ ਅਤੇ ਸੀ.ਐਨ.ਜੀ. ਉਪਲੱਬਧ ਰਹੇਗਾ। ਇਸ ਨਾਲ ਹੀ ਲੋਕ ਆਪਣੇ ਇਲੈਕਟ੍ਰਿਕ ਵਾਹਨਾਂ ਨੂੰ ਪੈਟਰੋਲ ਪੰਪ ‘ਤੇ ਹੀ ਚਾਰਜ ਕਰ ਸਕਣਗੇ। ਇਸ ਦੇ ਨਾਲ ਹੀ ਹੋਰ ਸਟੇਸ਼ਨਾਂ ‘ਤੇ ਵੀ ਸੀਐਨਜੀ ਉਪਲਬਧ ਕਰਵਾਈ ਜਾਵੇਗੀ।

 

   ਸੀਐਮਡੀ ਮੁਕੇਸ਼ ਕੁਮਾਰ ਨੇ ਕਿਹਾ ਕਿ ਇਸ ਵੇਲੇ 800 ਪੈਟਰੋਲ ਪੰਪਾਂ ‘ਤੇ ਸੀਐਨਜੀ ਉਪਲਬਧ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਸਟੇਸ਼ਨਾਂ ‘ਤੇ ਉਪਲਬਧ ਕਰਵਾਉਣ ਦਾ ਟੀਚਾ ਹੈ। ਮਹਿੰਦਰਾ ਆਟੋ ਅਤੇ ਟਾਟਾ ਮੋਟਰਜ਼ ਇਲੈਕਟ੍ਰਿਕ ਕਾਰਾਂ (EVs) ਬਣਾਉਣ ‘ਤੇ ਕੰਮ ਕਰ ਰਹੀਆਂ ਹਨ। ਦੋਵੇਂ ਕੰਪਨੀਆਂ ਇਲੈਕਟ੍ਰਿਕ ਵਾਹਨਾਂ ਦੇ ਖੇਤਰ ਵਿੱਚ ਤੇਜ਼ੀ ਨਾਲ ਵਿਸਤਾਰ ਕਰ ਰਹੀਆਂ ਹਨ।

Share This Article
Leave a Comment