ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਗਲਵਾਰ ਨੂੰ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਕੈਪਟਨ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਨਵੀਂ ਪਾਰਟੀ ਦਾ ਨਾਂ ‘ਪੰਜਾਬ ਲੋਕ ਕਾਂਗਰਸ’ ਹੋਵੇਗਾ।
ਕੈਪਟਨ ਵੱਲੋਂ ਆਪਣੀ ਨਵੀਂ ਪਾਰਟੀ ਦੇ ਐਲਾਨ ਦੇ ਨਾਲ ਹੀ ਵਿਰੋਧੀਆਂ ਨੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੈਪਟਨ ਤੇ ਤੰਜ਼ ਕੱਸਦਿਆਂ ਕਿਹਾ ਹੈ ਕਿ, ‘ਕੈਪਟਨ ਨਵੀਂ ਪਾਰਟੀ ਬਣਾਉਣ ਦੀ ਥਾਂ ਭਾਜਪਾ ਨੂੰ ਹੀ ਜੁਆਇਨ ਕਰ ਲੈਂਦੇ ਤਾਂ ਜ਼ਿਆਦਾ ਚੰਗਾ ਹੁੰਦਾ ।’ ਸੰਧਵਾਂ ਨੇ ਕਿਹਾ ਕੈਪਟਨ ਪੌਣੇ ਪੰਜ ਸਾਲਾਂ ਤੱਕ ਮਹਿਲਾਂ ਤੋਂ ਬਾਹਰ ਨਹੀਂ ਆਏ ਅਤੇ ਲੋਕਾਂ ਤੋਂ ਦੂਰ ਰਹੇ, ਹੁਣ ਉਨ੍ਹਾਂ ਨੂੰ ਅਚਾਨਕ ਪੰਜਾਬ ਦੇ ਭਲੇ ਦੀ ਕਿਵੇਂ ਸੋਝੀ ਆ ਗਈ।
ਸੰਧਵਾਂ ਨੇ ਇਲਜ਼ਾਮ ਲਗਾਇਆ ਕਿ ਕੈਪਟਨ ਭਾਜਪਾ ਦੇ ਇਸ਼ਾਰਿਆਂ ‘ਤੇ ਸਰਕਾਰ ਚਲਾਉਂਦੇ ਰਹੇ ਅਤੇ ਭਾਜਪਾ ਦੇ ਨਾਲ ਮਿਲ ਕੇ ਖੇਤੀ ਕਾਨੂੰਨਾਂ ਨੂੰ ਬਣਵਾਇਆ ਹੈ ਅਤੇ ਹੁਣ ਉਹ ਕਿਸਾਨਾਂ ਦਾ ਹਮਦਰਦ ਹੋਣ ਦਾ ਡਰਾਮਾ ਕਰ ਰਹੇ ਹਨ।
ਸੰਧਵਾਂ ਨੇ ਕਿਹਾ ਕਿ ਕੈਪਟਨ ਵੱਲੋਂ ਨਵੀਂ ਪਾਰਟੀ ਦਾ ਐਲਾਨ ਸਿਰਫ਼ ਕੁਰਸੀ ਦੀ ਲੜਾਈ ਲਈ ਕੀਤਾ ਗਿਆ ਹੈ ਨਾ ਕਿ ਪੰਜਾਬ ਦੇ ਭਲੇ ਲਈ।