-ਅਵਤਾਰ ਸਿੰਘ;
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕੱਲ੍ਹ ਲੋਕਾਂ ਦਾ ਦਿਲ ਜਿੱਤਣ ਲਈ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਆਮ ਲੋਕਾਂ ਨੂੰ ਖੁਸ਼ ਕਰਨ ਲਈ ਹਰ ਹੀਲਾ ਵਰਤ ਰਹੇ ਹਨ। ਆਮ ਲੋਕਾਂ ਵਿਚ ਜਾ ਕੇ ਵਿਚਰ ਰਹੇ ਹਨ। ਉਹ ਸ਼ਾਇਦ ਉਸ ਮਿਥ ਨੂੰ ਤੋੜਨ ਦਾ ਯਤਨ ਕਰ ਰਹੇ ਹਨ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਸ਼ਨ ਕਰਨ ਨੂੰ ਆਮ ਲੋਕ ਤਾਂ ਦੂਰ ਦੀ ਗੱਲ ਉਨ੍ਹਾਂ ਦੇ ਮੰਤਰੀ ਅਤੇ ਵਿਧਾਇਕ ਵੀ ਤਰਸ ਰਹੇ ਸਨ। ਉਨ੍ਹਾਂ ਦੇ ਦਰਸ਼ਨ ਲੋਕ ਕਦੇ ਕਦੇ ਟੀਵੀ ਉਪਰ ਹੀ ਕਰਕੇ ਸਬਰ ਕਰ ਲੈਂਦੇ ਸਨ।
ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸੂਬੇ ਦੇ ਲੋਕਾਂ ਨੂੰ ਘਰੇਲੂ ਖ਼ਪਤਕਾਰਾਂ ਲਈ ਬਿਜਲੀ ਦੀਆਂ ਦਰਾਂ 3 ਰੁਪਏ ਪ੍ਰਤੀ ਯੂਨਿਟ ਘਟਾ ਕੇ ਉਨ੍ਹਾਂ ਨੂੰ ਦੀਵਾਲੀ ਦਾ ਤੋਹਫ਼ਾ ਦੇ ਦਿੱਤਾ ਹੈ। ਸਰਕਾਰੀ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਵਿਚ 11 ਫ਼ੀਸਦ ਦਾ ਵਾਧਾ ਕਰਕੇ ਉਨ੍ਹਾਂ ਦੇ ਚੇਹਰਿਆਂ ਉਪਰ ਖੁਸ਼ੀ ਲਿਆ ਦਿੱਤੀ ਹੈ। ਇਹ ਫ਼ੈਸਲੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਲਏ ਗਏ ਹਨ। ਬਿਜਲ ਸਸਤੀ ਕਰਨ ਨਾਲ ਸਰਕਾਰੀ ਖ਼ਜ਼ਾਨੇ ਉਪਰ ਸਾਲਾਨਾ 3,316 ਕਰੋੜ ਦਾ ਬੋਝ ਪਏਗਾ ਪਰ ਆਪਣੇ ਵਾਅਦੇ ਪੂਰੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਨੂੰ ਹੀ ਨਹੀਂ ਮਿਲ ਰਹੇ ਸਗੋਂ ਆਪਣੀ ਪਾਰਟੀ ਕਾਂਗਰਸ ਦੇ ਰੁੱਸੇ ਲੀਡਰਾਂ ਨੂੰ ਵੀ ਮਨਾਉਣ ਲਈ ਯਤਨਸ਼ੀਲ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਐਤਵਾਰ ਨੂੰ ਦੋਆਬਾ ਹਲਕੇ ਵਿੱਚ ਜਲੰਧਰ ਦੇ ਤਿੰਨ ਕਾਂਗਰਸੀ ਵਿਧਾਇਕਾਂ, ਇੱਕ ਸੰਸਦ ਮੈਂਬਰ ਤੇ ਇੱਕ ਸਾਬਕਾ ਸੰਸਦ ਮੈਂਬਰ ਦੇ ਘਰ ਪਹੁੰਚੇ। ਇਸ ਤਰ੍ਹਾਂ ਮੁੱਖ ਮੰਤਰੀ 9 ਥਾਵਾਂ ’ਤੇ ਗਏ।
ਮੁੱਖ ਮੰਤਰੀ ਚੰਨੀ ਵਲੋਂ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਨੂੰ ਮਿਲਣਾ ਉਧਰ ਇਸ਼ਾਰਾ ਕਰਦਾ ਤਾਂ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਜਾ ਰਹੀ ਪਾਰਟੀ ਵਿੱਚ ਜਾਣ ਤੋਂ ਰੋਕਿਆ ਜਾਵੇ।
ਮੀਡੀਆ ਰਿਪੋਰਟਾਂ ਅਨੁਸਾਰ ਕਾਂਗਰਸੀ ਵਿਧਾਇਕ ਇਹ ਕਹਿ ਰਹੇ ਕਿ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਹੀ ਸਭ ਤੋਂ ਵੱਡੀ ਚੁਣੌਤੀ ਹੁੰਦੀ ਸੀ। ਇਸ ਤੋਂ ਉਲਟ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਘਰ ਪਹੁੰਚਣ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰਾਂ, ਸਾਕ ਸਬੰਧੀਆਂ ਨੂੰ ਮਿਲ ਰਹੇ ਹਨ। ਮੁੱਖ ਮੰਤਰੀ ਚੰਨੀ ਨੇ ਕੌਂਸਲਰ ਪੱਧਰ ਦੇ ਕਾਂਗਰਸੀ ਆਗੂਆਂ ਨਾਲ ਸਿੱਧਾ ਰਾਬਤਾ ਬਣਾ ਕੇ 2022 ਦੀਆਂ ਚੋਣਾਂ ਲਈ ਉਨ੍ਹਾਂ ਵਿੱਚ ਜੋਸ਼ ਭਰ ਦਿੱਤਾ ਹੈ।
ਜਲੰਧਰ ਫੇਰੀ ਦੌਰਾਨ ਚੰਨੀ ਸ੍ਰੀ ਦੇਵੀ ਤਾਲਾਬ ਮੰਦਿਰ ਮੱਥਾ ਟੇਕਣ ਤੋਂ ਬਾਅਦ ਵਿਧਾਇਕ ਰਜਿੰਦਰ ਬੇਰੀ ਦੇ ਘਰ ਗਏ ਉਥੇ ਉਨ੍ਹਾਂ ਹਲਕੇ ਦੇ ਕੌਂਸਲਰਾਂ ਨਾਲ ਮੁਲਾਕਾਤ ਕੀਤੀ। ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਘਰ ਜਾਣ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਸੁਸ਼ੀਲ ਰਿੰਕੂ ਦੀ ਰਿਹਾਇਸ਼ ਤੇ ਵੀ ਗਏ। ਮੁੱਖ ਮੰਤਰੀ ਨੇ ਵਿਧਾਇਕ ਰਾਜਿੰਦਰ ਬੇਰੀ ਦੀ ਬਜ਼ੁਰਗ ਮਾਂ ਦੇ ਪੈਰੀਂ ਹੱਥ ਲਾਇਆ ਤੇ ਪਿਆਰ ਨਾਲ ਉਨ੍ਹਾਂ ਨੂੰ ਕਲਾਵੇ ਵਿੱਚ ਲੈ ਕੇ ਪਰਿਵਾਰ ਦਾ ਦਿਲ ਜਿੱਤ ਲਿਆ। ਇਸ ਤਰ੍ਹਾਂ ਕਰਕੇ ਚੰਨੀ ਵਿਧਾਇਕਾਂ ਨਾਲ ਨਿੱਘ ਭਰੀ ਸਾਂਝ ਪਾ ਰਹੇ ਹਨ।
ਮੁੱਖ ਮੰਤਰੀ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਗ੍ਰਹਿ ਵਿਖੇ ਵੀ ਗਏ ਅਤੇ ਬਾਅਦ ਵਿੱਚ ਵਿਧਾਇਕ ਬਾਵਾ ਹੈਨਰੀ ਦੇ ਘਰ ਪਹੁੰਚੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਜਲੰਧਰ ਦੇ ਸ੍ਰੀ ਦੇਵੀ ਤਾਲਾਬ ਮੰਦਿਰ ’ਚ ਲੰਗਰ ਉਤੇ ਲੱਗੀ ਜੀਐੱਸਟੀ ਨੂੰ ਮੁਆਫ਼ ਕਰਨ ਦਾ ਐਲਾਨ ਕਰ ਦਿੱਤਾ।
ਹੁਣ ਸਵਾਲ ਇਹ ਪੈਦਾ ਹੁੰਦਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਸ ਹਿਸਾਬ ਨਾਲ ਪੰਜਾਬ ਦੇ ਲੋਕਾਂ ਵਿੱਚ ਹਰਮਨਪਿਆਰਤਾ ਬਣਾ ਰਹੇ ਤੇ ਲੋਕਾਂ ਨੂੰ ਰਾਹਤ ਭਰੇ ਗੱਫੇ ਬਖਸ਼ ਰਹੇ ਹਨ। ਕੀ ਸੂਬੇ ਦੇ ਲੋਕ 2022 ਦੀਆਂ ਵਿਧਾਨ ਸਭ ਚੋਣਾਂ ਵਿੱਚ ਕਾਂਗਰਸ ਦੇ ਹੱਕ ਵਿੱਚ ਚਮਤਕਾਰ ਨਤੀਜੇ ਦਿਖਾਉਣਗੇ?