ਸਿੱਟ ਦੇ ਕਪਤਾਨ ਨੂੰ ਮਿਲਕੇ ਗ੍ਰਿਫ਼ਤਾਰ ਕਿਸਾਨਾਂ ਨੂੰ ਰਿਹਾਅ ਕਰਨ ਦੀ ਕੀਤੀ ਮੰਗ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਦੀ ਲੀਗਲ ਕਮੇਟੀ ਦੀ ਚਾਰ ਮੈਂਬਰੀ ਕਮੇਟੀ ਜਿਸ ਵਿੱਚ ਐਡਵੋਕੇਟ ਪ੍ਰੇਮ ਸਿੰਘ ਭੰਗੂ, ਧਰਮਿੰਦਰ ਮਲਿਕ, ਰਾਮਿੰਦਰ ਸਿੰਘ ਪਟਿਆਲਾ ਅਤੇ ਐਡਵੋਕੇਟ ਪੂਨਮ ਕੌਸ਼ਿਕ ਸ਼ਾਮਲ ਹਨ, ਨੇ ਬੀਤੇ ਦਿਨੀਂ ਲਖੀਮਪੁਰ ਖੀਰੀ ਵਿਖੇ ਦੌਰਾ ਕਰਕੇ 7 ਮੈਂਬਰੀ ਵਕੀਲਾਂ ਦੀ ਟੀਮ ਦਾ ਗਠਨ ਕੀਤਾ ਹੈ।
ਇਹ 7 ਮੈਂਬਰੀ ਟੀਮ ਲਖੀਮਪੁਰ ਖੀਰੀ ਕਾਂਡ ਵਿੱਚ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਸਮੇਤ ਬਾਕੀ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਕਾਨੂੰਨੀ ਪੈਰਵੀ ਕਰੇਗੀ। ਇਸ ਟੀਮ ਵਿੱਚ ਸੀਨੀਅਰ ਐਡਵੋਕੇਟ ਸੁਰੇਸ਼ ਕੁਮਾਰ ਮੁੰਨਾ, ਐਡਵੋਕੇਟ ਹਰਜੀਤ ਸਿੰਘ, ਐਡਵੋਕੇਟ ਅਨੁਪਮ ਵਰਮਾ, ਐਡਵੋਕੇਟ ਮੁਹੰਮਦ ਖਵਾਜਾ, ਐਡਵੋਕੇਟ ਯਾਦਵਿੰਦਰ ਵਰਮਾ, ਐਡਵੋਕੇਟ ਸੁਰਿੰਦਰ ਸਿੰਘ ਅਤੇ ਐਡਵੋਕੇਟ ਇਸਰਾਰ ਅਹਿਮਦ ਨੂੰ ਸ਼ਾਮਲ ਕੀਤਾ ਗਿਆ ਹੈ।
ਇਸਤੋਂ ਇਲਾਵਾ ਕਿਸਾਨ ਜੱਥੇਬੰਦੀਆਂ ਦੇ ਵਲੰਟੀਅਰਾਂ ਦੀ ਇੱਕ ਟੀਮ ਦਾ ਗਠਨ ਵੀ ਕੀਤਾ ਗਿਆ ਹੈ ਜੋ ਕਿ ਵਕੀਲਾਂ ਦੀ 7 ਮੈਂਬਰੀ ਟੀਮ ਦੀ ਲੋੜ ਮੁਤਾਬਿਕ ਤਾਲਮੇਲ ਕਰਕੇ ਕਾਨੂੰਨੀ ਚਾਰਾਜੋਈ ਵਿੱਚ ਸਹਾਇਤਾ ਕਰੇਗੀ।
ਲੀਗਲ ਕਮੇਟੀ ਨੇ ਲਖੀਮਪੁਰ ਕਾਂਡ ਵਿੱਚ ਬਣਾਈ ਗਈ ਸਿੱਟ ਦੇ ਮੈਂਬਰ ਪੁਲਿਸ ਕਪਤਾਨ ਨੂੰ ਮਿਲ ਕੇ ਮੰਗ ਕੀਤੀ ਕਿ ਇਸ ਘਟਨਾ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਦੇ ਨਾਲ-ਨਾਲ ਭੇਜੇ ਜਾ ਰਹੇ ਪੁਲੀਸ ਨੋਟਿਸਾਂ ’ਤੇ ਤੁਰੰਤ ਰੋਕ ਲਗਾਈ ਜਾਵੇ। ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ ਗਈ।
ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਪ੍ਰੇਮ ਸਿੰਘ ਭੰਗੂ ਅਤੇ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਜਿੱਥੇ ਇੱਕ ਪਾਸੇ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਨੂੰ ਬਰਖਾਸਤ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਉੱਪਰ ਸੰਘਰਸ਼ ਕਰੇਗਾ ਉਥੇ ਨਾਲ-ਨਾਲ ਹੀ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਹਰ ਕਦਮ ਉਠਾਏਗਾ।
ਉਨਾਂ ਕਿਹਾ ਕਿ ਲਖੀਮਪੁਰ ਵਿਖੇ ਮ੍ਰਿਤਕ ਕਿਸਾਨਾਂ ਅਤੇ ਨੌਜਵਾਨ ਪੱਤਰਕਾਰ ਦੇ ਪਰਿਵਾਰ ਸਮੇਤ ਜਖ਼ਮੀ ਕਿਸਾਨਾਂ ਨੂੰ ਨਿਆਂ ਦੁਆਉਣ ਲਈ 7 ਮੈਂਬਰੀ ਵਕੀਲਾਂ ਦੀ ਟੀਮ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ ਸੀਨੀਅਰ ਵਕੀਲਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲਗਾਤਾਰ ਕੰਮ ਕਰੇਗੀ।