ਖਾਲੀ ਨਾਕਿਆਂ ਨੂੰ ਦੇਖ ਕੇ ਭਖੇ ਰੰਧਾਵਾ, ASI ਸਣੇ ਤਿੰਨ ਨੂੰ ਮੁਅੱਤਲ ਕਰਨ ਦੇ ਦਿੱਤੇ ਹੁਕਮ

TeamGlobalPunjab
1 Min Read

ਫਿਲੌਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜੀ.ਟੀ.ਰੋਡ ‘ਤੇ ਲੱਗੇ ਨਾਕਿਆਂ ਦੀ ਅਸਲ ਸਥਿਤੀ ਜਾਣਨ ਅਤੇ ਸੜਕ ਉੱਪਰ ਭੀੜ ਵਾਲੀਆਂ ਥਾਂਵਾਂ ‘ਤੇ ਟ੍ਰੈਫਿਕ ਵਿਵਸਥਾ ਦਾ ਜਾਇਜ਼ਾ ਲੈਣ ਲਈ ਸਵੇਰੇ ਅਚਨਚੇਤ ਚੈਕਿੰਗ ਕੀਤੀ ਗਈ। ਫਿਲੌਰ ਨਾਕੇ ਦੀ ਅਚਨਚੇਤ ਜਾਂਚ ਕਰਦਿਆਂ ਇੱਥੇ ਡਿਊਟੀ ‘ਤੇ ਤਾਇਨਾਤ ਏ.ਐੱਸ.ਆਈ. ਜਸਵੰਤ ਸਿੰਘ ਸਮੇਤ ਤਿੰਨ ਪੁਲਿਸ ਕਰਮਚਾਰੀਆਂ ਨੂੰ ਡਿਊਟੀ ‘ਚ ਕੁਤਾਹੀ ਵਰਤਣ ਦੇ ਦੋਸ਼ ਵਿਚ ਤੁਰੰਤ ਸਸਪੈਂਡ ਕਰਨ ਦੇ ਹੁਕਮ ਦਿੱਤੇ।

ਰੰਧਾਵਾ ਫਤਿਹਗੜ੍ਹ ਸਾਹਿਬ ਜਿਲੇ ਅੰਦਰ ਟ੍ਰੈਫ਼ਿਕ ਵਿਵਸਥਾ ਲਈ ਪੁਲਿਸ ਦੇ ਢਿੱਲੇ ਪ੍ਰਬੰਧਾਂ ਉਤੇ ਨਾਖੁਸ਼ੀ ਪ੍ਰਗਟਾਈ। ਇਸੇ ਤਰ੍ਹਾਂ ਸਤਲੁਜ ਪੁੱਲ ਪਾਰ ਕਰਨ ਸਾਰ ਫਿਲੌਰ (ਜਲੰਧਰ ਜਿਲਾ) ਵਿੱਚ ਜੀ.ਟੀ. ਰੋਡ ਉੱਪਰ ਪੁਲਿਸ ਨਾਕੇ ‘ਤੇ ਤਾਇਨਾਤ ਪੁਲਿਸ ਕਰਮੀਆਂ ਵੱਲੋਂ ਅਵੇਸਲੇਪਣ ਨਾਲ ਦਿੱਤੀ ਜਾ ਰਹੀ ਡਿਊਟੀ ਦਾ ਨੋਟਿਸ ਲੈਂਦਿਆਂ ਮੁਸਤੈਦੀ ਨਾਲ ਡਿਊਟੀ ਕਰਨ ਲਈ ਕਿਹਾ।

ਉਪ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਪੁਲਿਸ ਨੂੰ ਜਿੱਥੇ ਸੁਰੱਖਿਆ ਦੇ ਪੱਖ ਤੋਂ ਮੁਸਤੈਦੀ ਨਾਲ ਡਿਊਟੀ ਕਰਨੀ ਚਾਹੀਦੀ ਹੈ, ਉੱਥੇ ਰਾਹਗੀਰਾਂ ਨੂੰ ਟ੍ਰੈਫ਼ਿਕ ਜਾਮ ਤੋਂ ਨਿਜਾਤ ਦਿਵਾਉਣ ਲਈ ਟ੍ਰੈਫਿਕ ਪੁਲਿਸ ਆਵਾਜਾਈ ਨੂੰ ਸੁਚਾਰੂ ਤਰੀਕੇ ਨਾਲ ਚਲਾਉਣਾ ਯਕੀਨੀ ਬਣਾਏ।

Share This Article
Leave a Comment