ਅਰੂਸਾ ਆਲਮ ਮਾਮਲੇ ‘ਤੇ ਕੈਪਟਨ ਤੇ ਰੰਧਾਵਾ ਉਲਝੇ, ਜਾਂਚ ਦੇ ਬਿਆਨ ‘ਤੇ ਘਿਰੇ ਡਿਪਟੀ ਸੀਐਮ

TeamGlobalPunjab
4 Min Read

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਪੰਜਾਬ ‘ਚ ਸਿਆਸੀ ਜੰਗ ਛਿੜ ਗਈ ਤੇ ਕਾਂਗਰਸ ਸਣੇ ਹੋਰ ਪਾਰਟੀਆਂ ਨੇ ਸਾਬਕਾ ਮੁੱਖ ਮੰਤਰੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਸ ਸਿਆਸੀ ਜੰਗ ‘ਚ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਵੱਡਾ ਮੁੱਦਾ ਬਣ ਕੇ ਉਭਰੀ ਹੈ। ਅਸਲ ‘ਚ ਮਾਮਲਾ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਰੂਸਾ ਦੇ ਆਈਐਸਆਈ ਨਾਲ ਸਬੰਧਾਂ ਦੀ ਜਾਂਚ ਕਰਵਾਉਣ ਲਈ ਕੀਤੇ ਟਵੀਟ ਤੋਂ ਸ਼ੁਰੂ ਹੋਇਆ।

ਹਾਲਾਂਕਿ ਬਾਅਦ ਰੰਧਾਵਾ ਨੇ ਕਿਹਾ, ‘ਜਾਂਚ ਦੀ ਗੱਲ ਕਿਸੇ ਨੇ ਨਹੀਂ ਕਹੀ, ਕੈਪਟਨ ਨੇ ਗਲਤ ਸੋਚਿਆ ਹੈ। ਇਸ ਪ੍ਰਕਾਰ ਦੀ ਜਾਂਚ ਕਰਵਾਉਣਾ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਅਤੇ ਇਹ ਕੇਂਦਰੀ ਸੂਹੀਆ ਏਜੰਸੀ ਰਾਅ ਵੱਲੋਂ ਕੀਤੀ ਜਾਂਦੀ ਹੈ।’

ਰੰਧਾਵਾ ਤੇ ਕੈਪਟਨ ਵਿਚਾਲੇ ਜੰਗ ਰੰਧਾਵਾ ਦੇ ਉਸ ਟਵੀਟ ਤੋਂ ਹੋਈ ਜਿਸ ‘ਚ ਉਨ੍ਹਾਂ ਨੇ ਲਿਖਿਆ, ਕੈਪਟਨ ਅਮਰਿੰਦਰ ਸਿੰਘ ਤੁਸੀਂ ਅਰੂਸਾ ਆਲਮ ਦੇ ਆਈਐੱਸਆਈ ਨਾਲ ਰਿਸ਼ਤਿਆਂ ਬਾਰੇ ਜਾਂਚ ਤੋਂ ਘਬਰਾਏ ਹੋਏ ਕਿਉਂ ਹੋ? ਉਨ੍ਹਾਂ ਦੇ ਵੀਜ਼ੇ ਨੂੰ ਕਿਸ ਨੇ ਸਪਾਂਸਰ ਕੀਤਾ ਅਤੇ ਉਨ੍ਹਾਂ ਬਾਰੇ ਸਭ ਕਾਸੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਮੈਨੂੰ ਉਮੀਦ ਹੈ ਜਿਸਦਾ ਵੀ ਵਾਸਤਾ ਹੋਵੇਗਾ ਉਹ ਪੁਲਿਸ ਜਾਂਚ ਵਿੱਚ ਸਹਿਯੋਗ ਕਰੇਗਾ।

ਉਧਰ ਕੈਪਟਨ ਅਮਰਿੰਦਰ ਸਿੰਘ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ , ‘‘ਮੈਨੂੰ ਤਾਂ ਇਹ ਫ਼ਿਕਰ ਸਤਾਉਂਦਾ ਹੈ ਕਿ ਹੁਣ ਜਦੋਂ ਤਿਉਹਾਰਾਂ ਦਾ ਸਮਾਂ ਹੈ ਤੇ ਦਹਿਸ਼ਤੀ ਖ਼ਤਰੇ ਦੀ ਸੰਭਾਵਨਾ ਸਿਖਰ ’ਤੇ ਹੈ ਤਾਂ ਅਜਿਹੇ ਮੌਕੇ ਡੀਜੀਪੀ ਪੰਜਾਬ ਨੂੰ ਸੂਬੇ ਦੀ ਸੁਰੱਖਿਆ ਨੂੰ ਤਾਕ ’ਤੇ ਰੱਖ ਕੇ ਬੇਬੁਨਿਆਦ ਜਾਂਚ ਦੇ ਕੰਮ ਲਾਇਆ ਜਾ ਰਿਹਾ ਹੈ।’

ਕੈਪਟਨ ਨੇ ਕਿਹਾ ਤੁਸੀਂ ਮੇਰੀ ਵਜ਼ਾਰਤ ਵਿੱਚ ਮੰਤਰੀ ਰਹੇ, ਪਰ ਉਦੋਂ ਤੁਸੀਂ ਕਦੇ ਵੀ ਅਰੂਸਾ ਆਲਮ ਦੀ ਸ਼ਿਕਾਇਤ ਨਹੀਂ ਕੀਤੀ। ਉਹ ਪਿਛਲੇ 16 ਸਾਲਾਂ ਤੋਂ ਭਾਰਤ ਸਰਕਾਰ ਦੀ ਲੋੜੀਂਦੀ ਪ੍ਰਵਾਨਗੀ ਨਾਲ ਆ ਰਹੀ ਹੈ। ਜਾਂ ਫਿਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਐੱਨਡੀਏ ਤੇ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਗੱਠਜੋੜ ਦੀ ਇਸ ਅਰਸੇ ਦੌਰਾਨ ਪਾਕਿਸਤਾਨ ਦੀ ਆਈਐੱਸਆਈ ਨਾਲ ਅੰਦਰਖਾਤੇ ਮਿਲੀਭੁਗਤ ਸੀ।’’

ਆਪਣੇ ਮੀਡੀਆ ਸਲਾਹਕਾਰ ਵੱਲੋਂ ਕੀਤੇ ਲੜੀਵਾਰ ਟਵੀਟ ਵਿੱਚ ਕੈਪਟਨ ਨੇ ਕਿਹਾ, ‘‘ਹੁਣ ਤੁਸੀਂ ਨਿੱਜੀ ਹਮਲਿਆਂ ’ਤੇ ਉਤਰ ਆਏ ਹੋ। ਤੁਹਾਡੇ ਕੋਲ ਇਕ ਮਹੀਨੇ ਬਾਅਦ ਲੋਕਾਂ ਨੂੰ ਵਿਖਾਉਣ ਲਈ ਇਹੀ ਕੁਝ ਹੈ। ਬਰਗਾੜੀ ਤੇ ਨਸ਼ਾ ਕੇਸਾਂ ਵਿੱਚ ਤੁਹਾਡੇ ਲੰਮੇ ਚੌੜੇ ਵਾਅਦਿਆਂ ਦਾ ਕੀ ਬਣਿਆ? ਪੰਜਾਬ ਨੂੰ ਅਜੇ ਵੀ ਤੁਹਾਡੇ ਵਾਅਦਿਆਂ ’ਤੇ ਕਾਰਵਾਈ ਦੀ ਉਡੀਕ ਹੈ।’

ਟਵਿੱਟਰ ਜੰਗ ਦੇ ਚਲਦਿਆਂ ਦੇਰ ਰਾਤ ਅਮਰਿੰਦਰ ਸਿੰਘ ਨੇ ਅਰੂਸਾ ਦੀ ਸੋਨੀਆ ਗਾਂਧੀ ਨਾਲ ਤਸਵੀਰ ਸਾਂਝੀ ਕਰ ਕੇ ਲਿਖਿਆ, ’ਉਂਝ ਹੀ’ ਅਤੇ ਇਸ ਵਿਚ ਰੰਧਾਵਾ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਪਾਰਟੀ ਨੂੰ ਵੀ ਟੈਗ ਕੀਤਾ।

Share This Article
Leave a Comment