ਆਖਿਰ ਕਾਂਗਰਸ ‘ਤੇ ਸਿੱਧੂ ਨੂੰ ਲੈ ਕੇ ਕਿਸ ਤਰ੍ਹਾਂ ਦਾ ਦਬਾਅ ਹੈ? ਉਸ ਨੂੰ ਤਾਨਾਸ਼ਾਹੀ ਕਿਉਂ ਕਰਨ ਦਿੱਤੀ ਜਾ ਰਹੀ ਹੈ? : ਕੈਪਟਨ

TeamGlobalPunjab
3 Min Read

ਚੰਡੀਗੜ੍ਹ : ਹਰੀਸ਼ ਰਾਵਤ ਵੱਲੋਂ ਦਿੱਤੇ ਬਿਆਨ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਇਤਰਾਜ਼ ਜਤਾਇਆ ਹੈ। ਕੈਪਟਨ ਨੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਦਾਅਵਿਆਂ ਤੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਬਿਆਨਬਾਜ਼ੀ ਸਾਫ ਤੌਰ ‘ਤੇ ਸਾਢੇ ਚਾਰ ਸਾਲ ਦੌਰਾਨ ਹਰ ਚੋਣ ਜਿੱਤਣ ਤੋਂ ਬਾਅਦ ਵੀ ਕਾਂਗਰਸ ਦੀ ਪੰਜਾਬ ‘ਚ ਅਜਿਹੀ ਹਾਲਤ ਕਾਰਨ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਤਿੰਨ ਹਫ਼ਤੇ ਪਹਿਲਾਂ ਮੈਂ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਹਨਾਂ ਨੇ ਮੈਨੂੰ ਮੁੱਖ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ ਸੀ।’ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ CLP ਦੀ ਮੀਟਿੰਗ ਉਹਨਾਂ ਨੂੰ ਦੱਸੇ ਤੇ ਪੁੱਛੇ ਬਗੈਰ ਬੁਲਾ ਕੇ ਕਾਂਗਰਸ ਨੇ ਉਹਨਾਂ ਦਾ ਅਪਮਾਨ ਕੀਤਾ ਹੈ।

ਕੈਪਟਨ ਨੇ ਕਿਹਾ ‘ਕਾਂਗਰਸ ਦੇ ਮੇਰੇ ਪ੍ਰਤੀ ਅਪਮਾਨਜਨਕ ਰਵੱਈਏ ਨੂੰ ਪੂਰੀ ਦੁਨੀਆਂ ਨੇ ਦੇਖਿਆ ਪਰ ਫਿਰ ਵੀ ਰਾਵਤ ਮੇਰੇ ‘ਤੇ ਝੂਠੇ ਇਲਜ਼ਾਮ ਲਗਾ ਰਹੇ ਹਨ। ਜੇਕਰ ਇਹ ਅਪਮਾਨ ਨਹੀਂ ਸੀ ਤਾਂ ਹੋਰ ਕੀ ਸੀ?’

ਸਾਬਕਾ ਮੁੱਖ ਮੰਤਰੀ ਨੇ ਕਿਹਾ ਰਾਵਤ ਨੇ 1 ਸਤੰਬਰ ਨੂੰ ਕਿਹਾ ਸੀ ਕਿ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਧੀਨ ਹੀ ਲੜੀਆਂ ਜਾਣਗੀਆਂ ਤੇ ਹਾਈ ਕਮਾਂਡ ਦਾ ਉਹਨਾਂ ਨੂੰ ਬਦਲਣ ਦਾ ਕੋਈ ਇਰਾਦਾ ਨਹੀਂ ਹੈ। ਫਿਰ ਹੁਣ ਰਾਵਤ ਇਹ ਕਿਵੇਂ ਕਹਿ ਸਕਦੇ ਹਨ ਕਿ ਪਾਰਟੀ ਲੀਡਰਸ਼ਿਪ ਉਹਨਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹੈ ਤੇ ਜੇਕਰ ਇਹ ਸੱਚ ਹੈ ਤਾਂ ਫਿਰ ਰਾਵਤ ਨੇ ਉਹਨਾਂ ਨੂੰ ਇੰਨਾ ਸਮਾਂ ਧੋਖੇ ਵਿੱਚ ਕਿਉਂ ਰੱਖਿਆ?

ਰਾਵਤ ਨੇ ਕਿਹਾ ਸੀ ਕਿ ਕੈਪਟਨ ਦਬਾਅ ਵਿੱਚ ਸਨ ਉਨ੍ਹਾਂ ਦੇ ਇਸ ਬਿਆਨ ‘ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਮੇਰੇ ‘ਤੇ ਸਿਰਫ਼ ਕਾਂਗਰਸ ਪ੍ਰਤੀ ਮੇਰੀ ਵਫ਼ਾਦਾਰੀ ਦਾ ਦਬਾਅ ਸੀ ਜਿਸ ਕਰਕੇ ਉਹ ਇੰਨੇ ਸਮੇਂ ਤੋਂ ਆਪਣਾ ਅਪਮਾਨ ਬਰਦਾਸ਼ਤ ਕਰ ਰਹੇ ਸਨ। ‘ਜੇਕਰ ਪਾਰਟੀ ਦਾ ਇਰਾਦਾ ਮੈਨੂੰ ਬੇਇੱਜ਼ਤ ਕਰਨ ਦਾ ਨਹੀਂ ਸੀ ਤਾਂ ਫੇਰ ਪਾਰਟੀ ਨੇ ਇੰਨੇ ਮਹੀਨਿਆਂ ਤੋਂ ਸਿੱਧੂ ਨੂੰ ਸੋਸ਼ਲ ਮੀਡੀਆ ਤੇ ਹੋਰ ਲੋਕ ਮੰਚਾਂ ‘ਤੇ ਮੇਰੀ ਬੇਇੱਜ਼ਤੀ ਕਰਨ ਦੀ ਇਜਾਜ਼ਤ ਕਿਉਂ ਦਿੱਤੀ?

ਕੈਪਟਨ ਅਮਰਿੰਦਰ ਸਿੰਘ ਨੇ ਪੁੱਛਿਆ ਕਿ ਕਿਉਂ ਕਾਂਗਰਸ ਸਿੱਧੂ ਨੂੰ ਹੁਣ ਵੀ ਪਾਰਟੀ ਨੂੰ ਫਿਰੌਤੀ ਦੇਣ ਤੇ ਤਾਨਾਸ਼ਾਹੀ ਕਰਨ ਦੀ ਇਜਾਜ਼ਤ ਦੇ ਰਹੀ ਹੈ। ‘ਆਖਿਰ ਪਾਰਟੀ ‘ਤੇ ਸਿੱਧੂ ਨੂੰ ਲੈ ਕੇ ਕਿਸ ਤਰ੍ਹਾਂ ਦਾ ਦਬਾਅ ਹੈ ਕਿ ਉਹ ਨਾਂ ਤਾਂ ਉਸ ਨੂੰ ਰੋਕ ਪਾ ਰਹੇ ਹਨ ਤੇ ਨਾ ਕੁਝ ਕਹਿ ਪਾ ਰਹੇ ਹਨ ਜਿਸ ਨਾਲ ਕਾਂਗਰਸ ਦਾ ਭਵਿੱਖ ਖ਼ਤਰੇ ਵਿੱਚ ਹੈ’।

Share This Article
Leave a Comment