-ਵਿਵੇਕ ਸ਼ਰਮਾ ;
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਮੇਂ ਰਾਜਧਾਨੀ ਨਵੀਂ ਦਿੱਲੀ ਵਿੱਚ ਹਨ ਅਤੇ ਦੇਸ਼ ਦਾ ਮੀਡੀਆ ਇਸ ਸਮੇਂ ਉਨ੍ਹਾਂ ਦੇ ਹਰ ਕਦਮ ‘ਤੇ ਨਜ਼ਰ ਲਗਾਈ ਬੈਠਾ ਹੈ ਕਿ, ਕੈਪਟਨ ਅਮਰਿੰਦਰ ਸਿੰਘ ਦਾ ਅਗਲਾ ਕਦਮ ਕੀ ਹੋਵੇਗਾ। ਕੈਪਟਨ ਐਲਾਨ ਕਰ ਚੁੱਕੇ ਹਨ ਕਿ ਉਹ ਹੁਣ ਕਾਂਗਰਸ ਵਿੱਚ ਨਹੀਂ ਰਹਿਣਗੇ। ਇਸ ਤੋਂ ਬਾਅਦ ਮੀਡੀਆ ਉਨ੍ਹਾਂ ‘ਤੇ ਹੋਰ ਵੀ ਜ਼ਿਆਦਾ ਫੋਕਸ ਕਰ ਰਿਹਾ ਹੈ।
ਇਸ ਵਿਚਾਲੇ ਅਮਰਿੰਦਰ ਸਿੰਘ ਦੇ ਟਵਿੱਟਰ ਹੈਂਡਲ ਤੋਂ ਦੇਸ਼ ਦੇ ਮੀਡੀਆ ਨੂੰ ਅਪੀਲ ਕੀਤੀ ਗਈ ਹੈ ਕਿ ‘ਉਨ੍ਹਾਂ ਨੂੰ ਟੈਗ ਨਾ ਕੀਤਾ ਜਾਵੇ।’ ਇਸ ਨੂੰ ਜਾਣ ਕੇ ਜਾਂ ਸੁਣ ਕੇ ਥੋੜਾ ਅਜੀਬ ਜਿਹਾ ਵੀ ਲੱਗ ਸਕਦਾ ਹੈ ਕਿਉਂਕਿ ਇਹ ਅਕਾਊਂਟ ‘ਬਲੂ ਟਿੱਕ’ ਵਾਲਾ ਹੈ ਭਾਵ ਇਹ ਵੈਰੀਫਾਈਡ ਅਕਾਊਂਟ ਹੈ।
ਹੁਣ ਤੁਹਾਨੂੰ ਦੱਸਦੇ ਹਾਂ ਅਸਲ ਕਹਾਣੀ ਕੀ ਹੈ, ਕਿਉਂ ਅਮਰਿੰਦਰ ਸਿੰਘ ਨੇ ਮੀਡੀਆ ਨੂੰ ਉਹਨਾਂ ਨੂੰ ਟੈਗ ਨਾ ਕਰਨ ਦੀ ਅਪੀਲ ਕੀਤੀ।
ਦਰਅਸਲ ਟਵਿੱਟਰ ‘ਤੇ ਅਪੀਲ ਕਰਨ ਵਾਲਾ ਸ਼ਖ਼ਸ ਅਮਰਿੰਦਰ ਸਿੰਘ ਭਾਰਤੀ ਫੁੱਟਬਾਲ ਟੀਮ ਦਾ ਗੋਲਕੀਪਰ ਹੈ। ਮੀਡੀਆ ਚੈਨਲਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਸੰਬੰਧਤ ਹਰੇਕ ਖ਼ਬਰ ਨੂੰ ਸੋਸ਼ਲ ਮੀਡੀਆ ਵਿੱਚ ਸ਼ੇਅਰ ਕਰਨ ਸਮੇਂ ਉਨ੍ਹਾਂ (ਅਮਰਿੰਦਰ ਸਿੰਘ) ਨੂੰ ਟੈਗ ਕੀਤਾ ਜਾ ਰਿਹਾ ਹੈ, ਜਿਸਦੇ ਲਗਾਤਾਰ ਆ ਰਹੇ ਨੋਟੀਫਿਕੇਸ਼ਨ ਤੋਂ ਤੰਗ ਆ ਕੇ ਭਾਰਤੀ ਕੌਮੀ ਫੁੱਟਬਾਲ ਟੀਮ ਦੇ ਗੋਲਕੀਪਰ ਅਮਰਿੰਦਰ ਸਿੰਘ ਨੂੰ ਮੀਡੀਆ ਨੂੰ ਇਹ ਅਪੀਲ ਕਰਨੀ ਪਈ ਕਿ ਉਹਨਾਂ ਨੂੰ ਟੈਗ ਕਰਨਾ ਬੰਦ ਕੀਤਾ ਜਾਵੇ ਕਿਉਂਕਿ ਉਹ ਸਿਆਸੀ ਆਗੂ ਅਮਰਿੰਦਰ ਸਿੰਘ ਨਹੀਂ ਸਗੋਂ ਫੁੱਟਬਾਲ ਖਿਡਾਰੀ ਅਮਰਿੰਦਰ ਸਿੰਘ ਹਨ।
ਮਜ਼ੇ ਦੀ ਗੱਲ ਇਹ ਹੈ ਕਿ ਅਮਰਿੰਦਰ ਸਿੰਘ ਦੇ ਇਸ ਟਵੀਟ ਨੂੰ 3 ਘੰਟਿਆਂ ਵਿੱਚ ਹੀ 34000 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਅਤੇ ਇਸ ਟਵੀਟ ਨੂੰ 6800 ਤੋਂ ਵੱਧ ਵਾਰ ‘ਰੀਟਵੀਟ’ ਕੀਤਾ ਜਾ ਚੁੱਕਾ ਹੈ।
ਖ਼ੈਰ, ਕਈ ਵਾਰ ਅਜਿਹੀਆਂ ਖ਼ਬਰਾਂ ਤਨਾਅ ਭਰੇ ਮਾਹੌਲ ਵਿੱਚ ਵੀ ਇਨਸਾਨ ਨੂੰ ਮੱਲੋਮੱਲੀ ਹੱਸਣ ਲਈ ਮਜਬੂਰ ਕਰ ਦਿੰਦੀਆਂ ਹਨ। ਹੁਣ ਜ਼ਰਾ ਪੜ੍ਹੋ ਅਮਰਿੰਦਰ ਸਿੰਘ ਨੇ ਆਪਣੇ ਟਵੀਟ ਵਿੱਚ ਮੀਡੀਆ ਨੂੰ ਕੀ ਅਪੀਲ ਕੀਤੀ ।
Dear News Media, Journalists, I am Amrinder Singh, Goalkeeper of Indian Football Team 🇮🇳 and not the Former Chief Minister of the State Punjab 🙏😂 Please stop tagging me.
— Amrinder Singh (@Amrinder_1) September 30, 2021
ਇਸ ਤੋਂ ਵੱਧ ਮਜ਼ੇ ਦੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਫੁੱਟਬਾਲ ਖਿਡਾਰੀ ਅਮਰਿੰਦਰ ਸਿੰਘ ਦੇ ਟਵੀਟ ਨੂੰ ਰੀਟਵੀਟ ਕੀਤਾ ਹੈ।
I empathise with you, my young friend. Good luck for your games ahead. https://t.co/MRy4aodJMx
— Capt.Amarinder Singh (@capt_amarinder) September 30, 2021