ਮੋਹਾਲੀ : ਮੋਹਾਲੀ ਵਿਧਾਨ ਸਭਾ ਹਲਕੇ ਨੂੰ ਵਿਕਾਸ ਪੱਖੋਂ ਨਮੂਨੇ ਦਾ ਹਲਕਾ ਬਣਾਉਣ ਲਈ ਵਚਨਬੱਧ ਸਾਬਕਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਅਤੇ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਵਿਕਾਸ ਕਾਰਜਾਂ ਪੱਖੋਂ ਹਲਕਾ ਸਾਰੇ ਪੰਜਾਬ ਵਿੱਚੋਂ ਮੋਹਰੀ ਬਣ ਗਿਆ ਹੈ ਅਤੇ ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ।
ਇੱਥੇ ਪਿੰਡ ਜੁਝਾਰ ਨਗਰ ਨੂੰ ਵਿਕਾਸ ਕਾਰਜਾਂ ਲਈ 1.8 ਕਰੋੜ ਰੁਪਏ ਦੀ ਗਰਾਂਟ ਦੀ ਚੈੱਕ ਦੇਣ ਮੌਕੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਲਕੇ ਦੇ ਹਰੇਕ ਪਿੰਡ ਨੂੰ ਲੱਖਾਂ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਗਈਆਂ ਹਨ। ਪਿੰਡਾਂ ਵਿੱਚ ਗਲੀਆਂ ਨਾਲੀਆਂ ਤੇ ਫਿਰਨੀਆਂ ਵਰਗੇ ਬੁਨਿਆਦੀ ਢਾਂਚੇ ਦੇ ਕੰਮਾਂ ਦੇ ਨਾਲ ਨਾਲ ਕਮਿਊਨਿਟੀ ਸੈਂਟਰ, ਧਰਮਸ਼ਾਲਾਵਾਂ, ਸੀਵਰੇਜ ਤੇ ਹੋਰ ਬਹੁਤ ਸਾਰੇ ਕੰਮ ਕਰਵਾਏ ਗਏ ਹਨ। ਹਲਕੇ ਦੇ ਪਿੰਡਾਂ ਵਿੱਚ ਹੈਲਥ ਐਂਡ ਵੈਲਨੈੱਸ ਕਲੀਨਿਕ ਖੋਲ੍ਹਣ ਦੇ ਨਾਲ ਨਾਲ ਪੁਰਾਣੀਆਂ ਡਿਸਪੈਂਸਰੀਆਂ ਦੀ ਹਾਲਤ ਸੁਧਾਰਨ ਲਈ ਵੀ ਕਦਮ ਚੁੱਕੇ ਗਏ ਹਨ।
ਸਿੱਧੂ ਨੇ ਕਿਹਾ ਕਿ ਜਿੰਨੇ ਵਿਕਾਸ ਕਾਰਜ ਉਨ੍ਹਾਂ ਦੇ ਕਾਰਜਕਾਲ ਦੌਰਾਨ ਇਸ ਹਲਕੇ ਵਿੱਚ ਹੋਏ ਹਨ, ਉਨੇ ਪਿਛਲੇ ਕਈ ਦਹਾਕਿਆਂ ਵਿੱਚ ਨਹੀਂ ਹੋਏ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਐਸ.ਏ.ਐਸ. ਨਗਰ ਕੋਵਿਡ ਵੈਕਸੀਨੇਸ਼ਨ ਵਿੱਚ ਪੂਰੇ ਪੰਜਾਬ ਵਿੱਚੋਂ ਨੰਬਰ ਇਕ ਉਤੇ ਹੈ। ਜ਼ਿਲ੍ਹੇ ਵਿੱਚ ਉਨ੍ਹਾਂ ਦੇ ਯਤਨਾਂ ਨਾਲ ਵੈਕਸੀਨੇਸ਼ਨ ਦੇ ਕੈਂਪ ਲਗਾਏ ਗਏ। ਪਿੰਡ ਪਿੰਡ ਕੋਵਿਡ ਵੈਕਸੀਨੇਸ਼ਨ ਕਰਵਾਈ ਗਈ ਅਤੇ ਲੋਕਾਂ ਨੂੰ ਟੀਕਾਕਰਨ ਲਈ ਪ੍ਰੇਰਿਆ ਗਿਆ।