ਪੰਜਾਬੀ ਗਾਇਕ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਨੂੰ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਮੈਟਸਕੀ ਫਰੇਜ਼ਰ ਕੈਨਿਯਨ ਜ਼ਿਲ੍ਹੇ ਤੋਂ ਸੰਸਦ ਮੈਂਬਰ ਦੀ ਚੋਣ ਲਈ ਨਾਮਜ਼ਦ ਕੀਤਾ ਸੀ। ਬੀਤੇ ਦਿਨ ਕੈਨੇਡਾ ‘ਚ ਚੋਣਾਂ ਸਨ, ਜਿਸ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਵਿਚਾਲੇ ਕਾਂਟੇ ਦੀ ਟੱਕਰ ਸੀ।
ਦੱਸ ਦਈਏ ਕਿ ਗੀਤ ਗਰੇਵਾਲ ਇਹ ਚੋਣ ਹਾਰ ਗਈ ਹੈ। ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਜ਼ਿਲੇ ਦੇ ਕੰਜ਼ਰਵੇਟਿਵ ਪਾਰਟੀ ਦੇ ਬ੍ਰੈਡ ਵੇਸ ਨੂੰ ਜੇਤੂ ਘੋਸ਼ਿਤ ਕੀਤਾ ਗਿਆ ਹੈ।
ਪਰਮੀਸ਼ ਵਰਮਾ ਨੇ ਕੁਝ ਮਹੀਨੇ ਪਹਿਲਾਂ ਹੀ ਆਪਣੀ ਮੰਗੇਤਰ ਨਾਲ ਤਸਵੀਰ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕੀਤਾ ਸੀ। ਪਰਮੀਸ਼ ਵਰਮਾ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ ਸੀ, ”ਮੈਨੂੰ ਆਪਣੇ ਜੀਵਨਸਾਥੀ ‘ਤੇ ਮਾਣ ਹੈ। ਬਹੁਤ-ਬਹੁਤ ਮੁਬਾਰਕਾਂ ਗੁਨੀਤ। ਕੈਨੇਡਾ ‘ਚ ਲਿਬਰਲ ਪਾਰਟੀ ਲਈ ਨਾਮੀਨੇਸ਼ਨ ਜਿੱਤਣ ‘ਤੇ ਤੁਹਾਨੂੰ ਵਧਾਈ। ਮੈਂ ਤੁਹਾਨੂੰ ਕੈਨੇਡਾ ‘ਚ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਦੀ ਅਗਲੀ ਸੰਸਦ ਮੈਂਬਰ ਵਜੋਂ ਦੇਖਣ ਦੀ ਉਡੀਕ ਕਰ ਰਿਹਾ ਹਾਂ। ਮੈਂ ਹਰ ਮੌਕੇ ‘ਤੇ ਤੁਹਾਡੇ ਨਾਲ ਹਾਂ।”