ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕੱਲ੍ਹ ਅਕਾਲੀ ਦਲ ਦੇ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਤੱਕ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸਦੀ ਕੇਂਦਰ ਸਰਕਾਰ ਤੇ ਪੁਲਿਸ ਵਲੋਂ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕੇਂਦਰ ਸਰਕਾਰ ਵਲੋਂ ਵਿਰੋਧ ਮਾਰਚ ਦੀ ਇਜਾਜ਼ਤ ਨਾ ਦੇਣ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ।
ਚੀਮਾ ਨੇ ਕਿਹਾ ਕਿ, ਉਹ ਸ਼ਾਂਤਮਈ ਤਰੀਕੇ ਨਾਲ ਰੋਸ ਮਾਰਚ ਕੱਢਣ ਵਾਲੇ ਸਨ। ਉਨ੍ਹਾਂ ਕਿਹਾ ਕਿ, ‘ਅਸੀਂ ਸਿਰਫ ਗੁਰੂ ਘਰ ਵਿੱਚ ਅਰਦਾਸ ਕਰਕੇ ਪਾਰਲੀਮੈਂਟ ਤੱਕ ਜਾਣਾ ਚਾਹੁੰਦੇ ਹਾਂ। ਕੀ ਆਜ਼ਾਦ ਦੇਸ਼ ਵਿੱਚ ਅਸੀਂ ਇਹ ਵੀ ਨਹੀਂ ਕਰ ਸਕਦੇ?’ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ, ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਮਾਰਚ ਕੱਲ ਜ਼ਰੂਰ ਹੋਵੇਗਾ ਤੇ ਸ਼ਾਂਤਮਈ ਤਰੀਕੇ ਨਾਲ ਹੋਵੇਗਾ ਤੇ ਤੁਹਾਨੂੰ ਇਸ ਤਰ੍ਹਾਂ ਦੀਆਂ ਪਾਬੰਦੀਆਂ ਨਹੀਂ ਲਗਾਉਣੀਆਂ ਚਾਹੀਦੀਆਂ।’