ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – ShabadVichaar -63
ਸਲੋਕ ੧੦ ਤੇ ੧੨ ਦੀ ਵਿਚਾਰ
ਵਾਹਿਗੁਰੂ ਦੇ ਨਾਮ ਵਿੱਚ ਐਨੀ ਬਰਕਤ ਹੈ ਕਿ ਜੋ ਪ੍ਰਾਣੀ ਉਸ ਨੂੰ ਯਾਦ ਰੱਖਦਾ ਹੈ ਉਸ ਦੀ ਲੋਕ ਤੇ ਪ੍ਰਲੋਕ ਵਿੱਚ ਸ਼ੋਭਾ ਹੁੰਦੀ ਹੈ। ਸਾਨੂੰ ਉਸ ਪ੍ਰਮਾਤਮਾ ਦਾ ਨਾਮ ਜੱਪਣਾ ਚਾਹੀਦਾ ਹੈ ਕਿਉਂਕਿ ਸਾਡੀ ਉਮਰ ਦਿਨ ਪ੍ਰਤੀ ਦਿਨ ਘੱਟਦੀ ਜਾ ਰਹੀ ਹੈ। ਇੱਕ ਦਿਨ ਇਸ ਸੰਸਾਰ ਤੋਂ ਅਸੀਂ ਸਾਰਿਆਂ ਨੇ ਰੁੱਖਸਤ ਹੋ ਜਾਣਾ ਹੈ। ਇਸ ਲਈ ਜੋ ਇਸ ਸੰਸਾਰ ‘ਤੇ ਕਰਨ ਆਏ ਹਾਂ ਉਹ ਕਾਰਜ ਸਾਨੂੰ ਪਹਿਲ ਦੇ ਅਧਾਰ ‘ਤੇ ਕਰਨਾ ਚਾਹੀਦਾ ਹੈ। ਗੁਰਬਾਣੀ ਸਾਨੂੰ ਵਾਰ ਵਾਰ ਇਸ ਦਾ ਉਪਦੇਸ਼ ਕਰਦੀ ਹੈ।
ਨੌਵੇਂ ਮਹਲੇ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਵਿਚਾਰ ਦੀ ਲੜੀ ਅਧੀਨ ਅਸੀਂ ਅੱਜ ਨੌਵੇਂ ਮਹਲੇ ਦੇ 57 ਸਲੋਕਾਂ ਵਿਚਲੇ 10 ਤੋਂ 12 ਤਕ ਦੇ ਸਲੋਕਾਂ ਦੀ ਵਿਚਾਰ ਕਰਾਂਗੇ। ਇਨ੍ਹਾਂ ਸਲੋਕਾਂ ਵਿੱਚ ਗੁਰੂ ਜੀ ਮਨੁੱਖ ਨੂੰ ਸਰੀਰ ਦੀ ਨਾਸ਼ਮਾਨਤਾ ਦਾ ਹਵਾਲਾ ਦੇ ਕੇ ਹਰੀ ਭਜਨ ਦਾ ਉਪਦੇਸ਼ ਦੇ ਰਹੇ ਹਨ:
ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥ ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥੧੦॥
ਹੇ ਮਿੱਤਰ! ਤੂੰ ਉਸ ਪਰਮਾਤਮਾ ਦਾ ਭਜਨ ਕਰਿਆ ਕਰ, ਜਿਸ ਦਾ ਨਾਮ ਸਿਮਰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ। ਹੇ ਨਾਨਕ! ਆਖ– ਹੇ ਮਨ! ਸੁਣ, ਉਮਰ ਸਦਾ ਘਟਦੀ ਜਾ ਰਹੀ ਹੈ (ਪਰਮਾਤਮਾ ਦਾ ਸਿਮਰਨ ਨਾਹ ਵਿਸਾਰ) ।10।
ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥ ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥੧੧॥
ਹੇ ਨਾਨਕ! (ਆਖ-) ਹੇ ਚਤੁਰ ਮਨੁੱਖ! ਹੇ ਸਿਆਣੇ ਮਨੁੱਖ! ਤੂੰ ਜਾਣਦਾ ਹੈਂ ਕਿ (ਤੇਰਾ ਇਹ) ਸਰੀਰ (ਪਰਮਾਤਮਾ ਨੇ) ਪੰਜ ਤੱਤਾਂ ਤੋਂ ਬਣਾਇਆ ਹੈ। (ਇਹ ਭੀ) ਯਕੀਨ ਜਾਣ ਕਿ ਜਿਨ੍ਹਾਂ ਤੱਤਾਂ ਤੋਂ (ਇਹ ਸਰੀਰ) ਬਣਿਆ ਹੈ (ਮੁੜ) ਉਹਨਾਂ ਵਿਚ ਹੀ ਲੀਨ ਹੋ ਜਾਇਗਾ (ਫਿਰ ਇਸ ਸਰੀਰ ਦੇ ਝੂਠੇ ਮੋਹ ਵਿਚ ਫਸ ਕੇ ਪਰਮਾਤਮਾ ਦਾ ਸਿਮਰਨ ਕਿਉਂ ਭੁਲਾ ਰਿਹਾ ਹੈਂ?।11।
ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥੧੨॥
ਹੇ ਨਾਨਕ! ਆਖ– ਹੇ ਮਨ! ਸੰਤ ਜਨਾਂ ਨੇ ਉੱਚੀ ਕੂਕ ਕੇ ਦੱਸ ਦਿੱਤਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ। ਤੂੰ ਉਸ (ਪਰਮਾਤਮਾ) ਦਾ ਭਜਨ ਕਰਿਆ ਕਰ, (ਭਜਨ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਤੂੰ ਪਾਰ ਲੰਘ ਜਾਹਿਂਗਾ।12।
ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਸਵੇਂ ਸਲੋਕ ਵਿੱਚ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਅਕਾਲ ਪੁਰਖ ਦੇ ਭਜਨ ਦੀ ਬਰਕਤ ਨਾਲ ਮਨੁੱਖ ਦੀ ਉੱਚੀ ਆਤਮਕ ਅਵਸਥਾ ਬਣਦੀ ਹੈ। ਇਸ ਲਈ ਉਸ ਅਕਾਲ ਪੁਰਖ ਦਾ ਭਜਨ ਕਰਨ ਦਾ ਉਪਦੇਸ਼ ਦੇ ਰਹੇ ਹਨ। ਗਿਆਰਵੇਂ ਸਲੋਕ ਵਿੱਚ ਗੁਰੂ ਜੀ ਬਚਨ ਕਰਦੇ ਹਨ ਕਿ ਹੇ ਭਾਈ ਤੇਰਾ ਸਰੀਰ ਪੰਜ ਤੱਤਾਂ ਦਾ ਬਣਿਆ ਹੈ ਅੰਤ ਇਸ ਸਰੀਰ ਨੇ ਇਨ੍ਹਾਂ ਤੱਤਾਂ ਵਿੱਚ ਹੀ ਮਿਲ ਜਾਣਾ ਹੈ ਇਸ ਲਈ ਹੇ ਭਾਈ ਤੂੰ ਸਰੀਰ ਦੇ ਮੋਹ ਨੂੰ ਛੱਡ ਦੇ ਅਤੇ ਵਾਹਿਗੁਰੂ ਦਾ ਸਿਮਰਨ ਕਰ। ਬਾਹਰਵੇਂ ਸਲੋਕ ਵਿੱਚ ਗੁਰੂ ਜੀ ਆਖ ਰਹੇ ਨੇ ਕਿ ਹੇ ਭਾਈ ਉਹ ਪ੍ਰਮਾਤਮਾ ਹਰੇਕ ਸਰੀਰ ਵਿੱਚ ਵਾਸ ਕਰਦਾ ਹੈ। ਇਸ ਲਈ ਤੂੰ ਉਸ ਦਾ ਸਿਮਰਨ ਕਰਿਆ ਕਰ ਕਿਉਂਕਿ ਉਸ ਦੇ ਸਿਮਰਨ ਦੇ ਨਾਲ ਤੂੰ ਸੰਸਾਰ ਸਾਗਰ ਤੋਂ ਪਾਰ ਹੋ ਜਾਵੇਗਾ।
ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 57 ਸਲੋਕਾਂ ਵਿਚਲੇ ਅਗਲੇ ਸਲੋਕਾਂ ਦੀ ਵਿਚਾਰ ਕਰਾਂਗੇ।ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ।ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥