ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 58ਵੇਂ ਸ਼ਬਦ ਦੀ ਵਿਚਾਰ – Shabad Vichaar -58
ਰੇ ਮਨ ਕਉਨ ਗਤਿ ਹੋਇ ਹੈ ਤੇਰੀ ॥ ਸ਼ਬਦ ਵਿਚਾਰ
ਡਾ. ਗੁਰਦੇਵ ਸਿੰਘ*
ਮਨੁੱਖ ਦੀ ਗਤੀ ਕਿਵੇਂ ਹੋ ਸਕਦੀ ਹੈ ਕਿਉਂਕਿ ਇਹ ਆਪਣੇ ਅਸਲ ਸਾਥੀ ਅਕਾਲ ਪੁਰਖ ਨੂੰ ਕਦੇ ਸਿਮਰਦਾ ਹੀ ਨਹੀਂ। ਆਪਣੇ ਮਨ ਦੇ ਪਿਛੇ ਲੱਗ ਮਨੁੱਖ ਵਿਸ਼ਿਆਂ ਵਿਕਾਰਾਂ ਦੇ ਧਸਦਾ ਹੀ ਜਾਂਦਾ ਹੈ। ਬੰਦੇ ਨੇ ਮਨੁੱਖਾ ਜਨਮ ਤਾਂ ਲੈ ਲਿਆ ਹੈ ਪਰ ਇਸ ਜਨਮ ਦਾ ਲਾਹਾ ਲੈਂਦਾ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 58ਵੇਂ ਸ਼ਬਦ ‘ਰੇ ਮਨ ਕਉਨ ਗਤਿ ਹੋਇ ਹੈ ਤੇਰੀ ॥ ਇਹ ਜਗ ਮਹਿ ਰਾਮ ਨਾਮੁ ਸੋ ਤਉ ਨਹੀ ਸੁਨਿਓ ਕਾਨਿ ॥ ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1352 ‘ਤੇ ਰਾਗ ਜੈਜਾਵੰਤੀ ਅਧੀਨ ਅੰਕਿਤ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਮਨੁੱਖ ਨੂੰ ਮਨੁੱਖਾ ਜਨਮ ਸੰਭਾਲਣ ਦਾ ਉਪਦੇਸ਼ ਦੇ ਰਹੇ ਹਨ।
ਰੇ ਮਨ ਕਉਨ ਗਤਿ ਹੋਇ ਹੈ ਤੇਰੀ ॥ ਇਹ ਜਗ ਮਹਿ ਰਾਮ ਨਾਮੁ ਸੋ ਤਉ ਨਹੀ ਸੁਨਿਓ ਕਾਨਿ ॥ ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ॥੧॥ ਰਹਾਉ ॥
ਹੇ ਮਨ! (ਤੂੰ ਕਦੇ ਸੋਚਦਾ ਨਹੀਂ ਕਿ) ਤੇਰੀ ਕੀਹ ਦਸ਼ਾ ਹੋਵੇਗੀ। ਇਸ ਜਗਤ ਵਿਚ (ਤੇਰਾ ਅਮਲ ਸਾਥੀ) ਪਰਮਾਤਮਾ ਦਾ ਨਾਮ (ਹੀ) ਹੈ, ਉਹ (ਨਾਮ) ਤੂੰ ਕਦੇ ਧਿਆਨ ਨਾਲ ਸੁਣਿਆ ਨਹੀਂ। ਤੂੰ ਵਿਸ਼ਿਆਂ ਵਿਚ ਹੀ ਬਹੁਤ ਫਸਿਆ ਰਹਿੰਦਾ ਹੈਂ, ਤੂੰ (ਆਪਣੀ) ਸੁਰਤਿ (ਇਹਨਾਂ ਵਲੋਂ ਕਦੇ) ਪਰਤਾਂਦਾ ਨਹੀਂ।1। ਰਹਾਉ।
ਮਾਨਸਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ ॥ ਦਾਰਾ ਸੁਖ ਭਇਓ ਦੀਨੁ ਪਗਹੁ ਪਰੀ ਬੇਰੀ ॥੧॥
ਹੇ ਭਾਈ! ਤੂੰ ਮਨੁੱਖ ਦਾ ਜਨਮ (ਤਾਂ) ਹਾਸਲ ਕੀਤਾ, ਪਰ ਕਦੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ। ਤੂੰ ਸਦਾ ਇਸਤ੍ਰੀ ਦੇ ਸੁਖਾਂ ਦੇ ਹੀ ਅਧੀਨ ਹੋਇਆ ਰਹਿੰਦਾ ਹੈਂ। ਤੇਰੇ ਪੈ ਰਾਂ ਵਿਚ (ਇਸਤ੍ਰੀ ਦੇ ਮੋਹ ਦੀ) ਬੇੜੀ ਪਈ ਰਹਿੰਦੀ ਹੈ।1।
ਨਾਨਕ ਜਨ ਕਹਿ ਪੁਕਾਰਿ ਸੁਪਨੈ ਜਿਉ ਜਗ ਪਸਾਰੁ ॥ ਸਿਮਰਤ ਨਹ ਕਿਉ ਮੁਰਾਰਿ ਮਾਇਆ ਜਾ ਕੀ ਚੇਰੀ ॥੨॥੩॥
ਹੇ ਭਾਈ! ਦਾਸ ਨਾਨਕ (ਤੈਨੂੰ) ਪੁਕਾਰ ਕੇ ਆਖਦਾ ਹੈ ਕਿ ਇਹ ਜਗਤ ਦਾ ਖਿਲਾਰਾ ਸੁਪਨੇ ਵਰਗਾ ਹੀ ਹੈ। ਇਹ ਮਾਇਆ ਜਿਸ ਦੀ ਦਾਸੀ ਹੈ ਤੂੰ ਉਸ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ।2।3।
ਉਕਤ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਨੁੱਖ ਨੂੰ ਇਹ ਹੀ ਉਪਦੇਸ਼ ਦੇ ਰਹੇ ਹਨ ਕਿ ਹੇ ਭਾਈ ਪਰਾਈ ਇਸਤਰੀ ਦਾ ਮੋਹ ਤਿਆਗ ਦੇ, ਆਪਣੀ ਮਤ ਨੁੰ ਬੁਰੇ ਕੰਮਾਂ ਤੋਂ ਫੇਰ ਲੈ, ਇਹ ਜੋ ਮਾਨਸ ਜਨਮ ਮਿਲਿਆ ਹੈ ਉਸ ਦਾ ਲਾਹਾ ਚੁੱਕ ਲੈ, ਇਹ ਜੋ ਜਗਤ ਦਾ ਪਾਸਾਰਾ ਤੂੰ ਦੇਖ ਰਿਹਾ ਹੈ ਇਹ ਸੁਪਨੇ ਦੀ ਨਿਆਈ ਹੈ। ਤੂੰ ਐਵੇਂ ਹੀ ਮਾਇਆ ਦੇ ਪਿਛੇ ਲੱਗਿਆ ਫਿਰਦਾ ਹੈ ਤੂੰ ਉਸ ਦਾ ਸਿਮਰਨ ਕਰ ਜਿਸ ਦੀ ਮਾਇਆ ਵੀ ਦਾਸੀ ਹੈ।
ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 59ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥