ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 53ਵੇਂ ਸ਼ਬਦ ਦੀ ਵਿਚਾਰ – Shabad Vichaar -53
ਕਹਾ ਮਨ ਬਿਖਿਆ ਸਿਉ ਲਪਟਾਹੀ॥ ਸ਼ਬਦ ਵਿਚਾਰ
ਡਾ. ਗੁਰਦੇਵ ਸਿੰਘ*
ਸੰਸਾਰ ਵਿੱਚ ਕੋਈ ਵੀ ਸਦਾ ਲਈ ਨਹੀਂ ਰਹਿੰਦਾ ਹੈ। ਇਸ ਜਗ ‘ਤੇ ਹਰ ਰੋਜ਼ ਕੋਈ ਜਨਮ ਲੈ ਰਿਹਾ ਤੇ ਕੋਈ ਇਸ ਸੰਸਾਰ ਤੋਂ ਰੁਖ਼ਸਤ ਹੋ ਰਿਹਾ ਹੈ। ਅਸੀਂ ਇਹ ਸਭ ਦੇਖ ਕੇ ਵੀ ਕੁਝ ਸਿੱਖਦੇ ਨਹੀਂ ਕਿ ਜਦੋਂ ਅਸੀਂ ਇਸ ਸੰਸਾਰ ਤੋਂ ਚਲੇ ਹੀ ਜਾਣਾ ਹੈ ਫਿਰ ਅਸੀਂ ਫਾਨੀ ਸੰਸਾਰ ਮਾਇਆ ਨਾਲ ਕਿਉਂ ਲਿਪਟੇ ਰਹਿੰਦੇ ਹਾਂ। ਗੁਰਬਾਣੀ ਸਾਨੂੰ ਵਾਰ ਵਾਰ ਉਪਦੇਸ਼ ਕਰਦੀ ਹੈ ਕਿ ਹੇ ਭਾਈ ਹਰਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਤੇਰਾ ਕੋਈ ਸਹਾਰਾ ਨਹੀਂ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 53ਵੇਂ ਸ਼ਬਦ ‘ਕਹਾ ਮਨ ਬਿਖਿਆ ਸਿਉ ਲਪਟਾਹੀ ॥ ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ ॥੧॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1231 ‘ਤੇ ਰਾਗ ਸਾਰੰਗ ਅਧੀਨ ਅੰਕਿਤ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸਾਰੰਗ ਰਾਗ ਵਿਚਲਾ ਦੂਜਾ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਜੀ ਮਨ ਨੂੰ ਮਾਇਆ ਦੇ ਪ੍ਰਭਾਵ ਤੋਂ ਨਿਰਮਲ ਰਹਿਣ ਦਾ ਉਪਦੇਸ਼ ਦੇ ਰਹੇ ਹਨ।
ਸਾਰੰਗ ਮਹਲਾ ੯ ॥ ਕਹਾ ਮਨ ਬਿਖਿਆ ਸਿਉ ਲਪਟਾਹੀ ॥ ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ ॥੧॥ ਰਹਾਉ ॥
ਹੇ ਮਨ! ਤੂੰ ਕਿਉਂ ਮਾਇਆ ਨਾਲ (ਹੀ) ਚੰਬੜਿਆ ਰਹਿੰਦਾ ਹੈ? (ਵੇਖ) ਇਸ ਦੁਨੀਆ ਵਿਚ (ਸਦਾ ਲਈ) ਕੋਈ ਭੀ ਟਿਕਿਆ ਨਹੀਂ ਰਹਿ ਸਕਦਾ। ਅਨੇਕਾਂ ਜੰਮਦੇ ਰਹਿੰਦੇ ਹਨ, ਅਨੇਕਾਂ ਹੀ ਮਰਦੇ ਰਹਿੰਦੇ ਹਨ।1। ਰਹਾਉ।
ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ ॥ ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥੧॥
ਹੇ ਮਨ! (ਵੇਖ) ਸਦਾ ਲਈ ਨਾਹ ਕਿਸੇ ਦਾ ਸਰੀਰ ਰਹਿੰਦਾ ਹੈ, ਨਾਹ ਧਨ ਰਹਿੰਦਾ ਹੈ, ਨਾਹ ਮਾਇਆ ਰਹਿੰਦੀ ਹੈ। ਤੂੰ ਕਿਸ ਨਾਲ ਪਿਆਰ ਬਣਾਈ ਬੈਠਾ ਹੈਂ? ਜਿਵੇਂ ਬੱਦਲਾਂ ਦੀ ਛਾਂ ਹੈ, ਤਿਵੇਂ ਜੋ ਕੁਝ ਦਿੱਸ ਰਿਹਾ ਹੈ ਸਭ ਨਾਸਵੰਤ ਹੈ।1।
ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ ॥ ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ॥੨॥੨॥
ਹੇ ਮਨ! ਅਹੰਕਾਰ ਛੱਡ, ਤੇ, ਸੰਤ ਜਨਾ ਦੀ ਸਰਨ ਫੜ। (ਇਸ ਤਰ੍ਹਾਂ) ਇਕ ਛਿਨ ਵਿਚ ਤੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਹਿਂਗਾ। ਹੇ ਦਾਸ ਨਾਨਕ! (ਆਖ– ਹੇ ਮਨ!) ਪਰਮਾਤਮਾ ਦੇ ਭਜਨ ਤੋਂ ਬਿਨਾ ਕਦੇ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ।2। 2।
ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਕਤ ਸ਼ਬਦ ਵਿੱਚ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਇਸ ਸੰਸਾਰ ਵਿੱਚ ਕੋਈ ਸਦਾ ਲਈ ਨਹੀਂ ਆਇਆ। ਇਥੇ ਪ੍ਰਤੀ ਦਿਨ ਅਨੇਕ ਜੰਮਦੇ ਹਨ ਤੇ ਅਨੇਕ ਹੀ ਮਰਦੇ ਰਹਿੰਦੇ ਹਨ। ਇਸ ਸੰਸਾਰ ਵਿੱਚ ਜੋ ਵੀ ਦਿਸ ਰਿਹਾ ਹੈ ਉਹ ਬਦਲ ਦੀ ਛਾਂ ਵਰਗਾ ਹੈ ਜੋ ਕੁਝ ਵੀ ਦਿਖ ਰਿਹਾ ਹੈ ਸਭ ਨਾਸ਼ਵਾਨ ਹੈ। ਗੁਰੂ ਸਾਹਿਬ ਅੱਗੇ ਫੁਰਮਾਉਂਦੇ ਹਨ ਕਿ ਹੇ ਭਾਈ ਜੇ ਤੂੰ ਅੰਹਕਾਰ ਛੱਡ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਵੇਗਾ ਤਾਂ ਤੇਰਾ ਇੱਕ ਪਲ ਵਿੱਚ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਹੋ ਜਾਵੇਗਾ। ਹੇ ਭਾਈ ਤੂੰ ਇੱਕ ਗੱਲ ਪੱਲੇ ਬੰਨ ਲੈ ਕਿ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਸੁੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 54ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥