ਚੰਡੀਗੜ੍ਹ ‘ਚ ਭਾਜਪਾ ਖਿਲਾਫ ‘ਆਪ’ ਦੇ ਮਹਿਲਾ ਵਿੰਗ ਦਾ ਤਿੱਖਾ ਪ੍ਰਦਰਸ਼ਨ, ਪੁਲਿਸ ਨੇ ਵਾਟਰ ਕੈਨਨ ਦੀ ਕੀਤੀ ਵਰਤੋਂ , ਵੇਖੋ‌ ਤਸਵੀਰਾਂ

TeamGlobalPunjab
2 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਨੇ ਐਤਵਾਰ ਨੂੰ ਚੰਡੀਗੜ੍ਹ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਫਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਵੱਡੀ ਗਿਣਤੀ ਚੰਡੀਗੜ੍ਹ ਪੁੱਜੇ ਆਪ ਦੇ ਵਰਕਰਾਂ ਨੇ ਭਾਜਪਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮਹਿਲਾ ਵਰਕਰਾਂ ਨਾਲ ਪੁਲਿਸ ਦੀ ਹਲਕੀ ਝੜਪ ਵੀ ਹੋਈ। ‘ਆਪ’ ਮਹਿਲਾ ਵਿੰਗ ਦਾ ਇਹ ਵਿਰੋਧ ਪ੍ਰਦਰਸ਼ਨ ਪਿਛਲੇ ਹਫ਼ਤੇ ਭਾਜਪਾ ਵੱਲੋਂ ਆਯੋਜਿਤ ਰੈਲੀ ਵਿੱਚ ਇੱਕ ਕਿਸਾਨ ਸਮਰਥਕ ਲੜਕੀ ਨਾਲ ਬਦਸਲੂਕੀ ਕੀਤੇ ਜਾਣ ਕਾਰਨ ਕੀਤਾ ਗਿਆ।

 

 

‘ਆਪ’ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਮਹਿਲਾ ਕਮਿਸ਼ਨ ਨੇ ਭਾਜਪਾ ਦੇ ਗੁੰਡਿਆਂ ਵੱਲੋਂ ਔਰਤਾਂ ‘ਤੇ ਕੀਤੇ ਜਾ ਰਹੇ ਹਮਲਿਆਂ’ ਤੇ ਚੁੱਪੀ ਧਾਰੀ ਰੱਖੀ ਹੈ। ਰਾਜਵਿੰਦਰ ਕੌਰ ਨੇ ਪੁੱਛਿਆ ਕਿ ਕੀ ਬੀਜੇਪੀ ਦੇ ਗੁੰਡਿਆਂ ਵੱਲੋਂ ਔਰਤਾਂ ‘ਤੇ ਹੋ ਰਹੇ ਹਮਲਿਆਂ ਬਾਰੇ ਵੀ ਕਮਿਸ਼ਨ ਚੁੱਪ ਹੈ?

 

ਦੂਜੇ ਪਾਸੇ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਜਲ ਤੋਪਾਂ ਦੀ ਵਰਤੋਂ ਵੀ ਕੀਤੀ‌ ਅਤੇ ਮਹਿਲਾ ਪੁਲਿਸ ਵਲੋਂ ਹਲਕੇ ਬਲ ਦਾ ਵੀ ਪ੍ਰਯੋਗ ਕੀਤਾ ਗਿਆ, ਜਿਸਦਾ ਆਪ ਦੀਆਂ ਮਹਿਲਾ ਆਗੂਆਂ ਨੇ ਤਿੱਖਾ ਵਿਰੋਧ ਕੀਤਾ।

 

 

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਦੀ ਜਨ ਆਸ਼ੀਰਵਾਦ ਯਾਤਰਾ ਦੇ ਵਿਰੋਧ ਦੇ ਦੌਰਾਨ ਇੱਕ ਬੀਜੇਪੀ ਵਰਕਰ ਦੁਆਰਾ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੀ ਇੱਕ ਲੜਕੀ ਨਾਲ ਦੁਰਵਿਵਹਾਰ ਕੀਤਾ ਗਿਆ ਸੀ। ਇਸ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਨੇ ਐਤਵਾਰ ਨੂੰ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕੀਤਾ।

 

 ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਨੇ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ‘ਬੇਟੀ ਪੜ੍ਹਾਓ-ਬੇਟੀ ਬਚਾਓ’ ਦਾ ਨਾਅਰਾ ਦਿੰਦੇ ਹਨ, ਦੂਜੇ ਪਾਸੇ ਭਾਜਪਾ ਦੇ ਗੁੰਡੇ ਔਰਤਾਂ ‘ਤੇ ਹਮਲੇ ਅਤੇ ਬਦਸਲੂਕੀ ਕਰ ਰਹੇ ਹਨ। ਔਰਤਾਂ ‘ਤੇ ਅੱਤਿਆਚਾਰ ਭਾਜਪਾ ਦੀ ਮਾੜੀ ਸੋਚ ਅਤੇ ਦੋਹਰੀ ਰਾਜਨੀਤੀ ਨੂੰ ਦਰਸਾਉਂਦੇ ਹਨ।

Share This Article
Leave a Comment