ਮੁੰਬਈ: ਟੀ.ਐੱਮ.ਸੀ. ਸੰਸਦ ਮੈਂਬਰ ਅਤੇ ਅਦਾਕਾਰਾ ਨੁਸਰਤ ਜਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਉਸ ਨੂੰ ਬੀਤੀ-ਰਾਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਤੇ ਅਦਾਕਾਰ ਯਸ਼ਦਾਸ ਗੁਪਤਾ ਹੀ ਉਸ ਨੂੰ ਹਸਪਤਾਲ ਲੈ ਕੇ ਗਏ।
ਨੁਸਰਤ ਨੇ ਸਾਲ 2019 ‘ਚ ਨਿਖਿਲ ਜੈਨ ਨਾਲ ਵਿਆਹ ਕਰਵਾਇਆ ਸੀ, ਹਾਲਾਂਕਿ ਇਹ ਵਿਆਹ ਨਹੀਂ ਚੱਲਿਆ। ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਨੁਸਰਤ ਅਤੇ ਨਿਖਿਲ ‘ਚ ਮਤਭੇਦਾਂ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ।
ਇਹ ਵੀ ਦੱਸਣਯੋਗ ਹੈ ਕਿ ਬੇਬੀ ਬੰਪ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਉਸ ਦੇ ਪਤੀ ਨਿਖਿਲ ਜੈਨ ਨੇ ਦਾਅਵਾ ਕੀਤਾ ਸੀ ਕਿ ਉਹ ਉਸ ਤੋਂ ਅਲੱਗ ਰਹਿ ਰਿਹਾ ਸੀ ਅਤੇ ਉਸ ਨੂੰ ਗਰਭ ਅਵਸਥਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਵਿਆਹ ਨੂੰ ਲੈ ਕੇ ਚੱਲ ਰਹੇ ਵਿਵਾਦ ‘ਚ ਅਦਾਕਾਰਾ ਨੇ ਆਪਣਾ ਸਾਰਾ ਧਿਆਨ ਆਪਣੇ ਬੱਚੇ ‘ਤੇ ਰੱਖਿਆ। ਉਹ ਕਿਸੇ ਵੀ ਤਰ੍ਹਾਂ ਦਾ ਬਿਆਨ ਦੇਣ ਤੋਂ ਪਰਹੇਜ਼ ਕਰਦੀ ਨਜ਼ਰ ਆਈ।
ਉੱਥੇ ਹੀ ਬੱਚੇ ਦੇ ਜਨਮ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਨੁਸਰਤ ਤੋਂ ਇਸ ਨੂੰ ਲੈ ਕੇ ਅਜੀਬ ਅਤੇ ਵੱਖ-ਵੱਖ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਹਨ। ਨੁਸਰਤ ‘ਤੇ ਇੱਕ ਵਾਰ ਫਿਰ ਟ੍ਰੋਲਰਸ ਨੇ ਸਵਾਲਾਂ ਦੀ ਝੜੀ ਲਗਾ ਦਿੱਤੀ ਹੈ। ਉਨ੍ਹਾਂ ਨੂੰ ਟ੍ਰੋਲਰਸ ਨੇ ਇਥੋਂ ਤੱਕ ਪੁੱਛ ਲਿਆ ਕਿ ਉਹ ਦੱਸਣ ਕਿ ਆਖਰ ਇਸ ਬੱਚੇ ਦਾ ਪਿਤਾ ਕੌਣ ਹੈ।