ਭਾਜਪਾ ਆਗੂ ਰਾਕੇਸ਼ ਪੰਡਿਤਾ ਦੇ ਕਤਲ ‘ਚ ਸ਼ਾਮਲ ਅੱਤਵਾਦੀ ਵੀ ਮਾਰਿਆ ਗਿਆ
ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਵਿੱਚ ਸੁਰੱਖਿਆ ਬਲਾਂ ਨੇ ਇੱਕ ਮੁਕਾਬਲੇ ਵਿੱਚ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਜੈਸ਼-ਏ-ਮੁਹੰਮਦ ਦੇ ਤਿੰਨੋਂ ਅੱਤਵਾਦੀ ਨਾਗਬਰਨ ਤ੍ਰਾਲ ਖੇਤਰ ਦੇ ਜੰਗਲਾਂ ਵਿੱਚ ਹੋਏ ਮੁਕਾਬਲੇ ਵਿੱਚ ਮਾਰੇ ਗਏ। ਉਨ੍ਹਾਂ ਕੋਲੋਂ ਦੋ ਏਕੇ-47 ਰਾਈਫਲਾਂ, ਇੱਕ ਐਸਐਲਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਹੈ।
ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਵਿੱਚੋਂ ਇੱਕ ਦੀ ਪਛਾਣ ਵਕੀਲ ਸ਼ਾਹ ਵਜੋਂ ਹੋਈ ਹੈ। ਇਹ ਅੱਤਵਾਦੀ ਭਾਜਪਾ ਆਗੂ ਰਾਕੇਸ਼ ਪੰਡਿਤਾ ਦੇ ਕਤਲ ਵਿੱਚ ਸ਼ਾਮਲ ਸੀ।
JeM #terrorist Wakeel Shah neutralised in today’s #encounter. He was involved in #killing of Sh Rakesh Pandita (BJP leader): IGP Kashmir@JmuKmrPolice
— Kashmir Zone Police (@KashmirPolice) August 21, 2021
ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫ਼ੀਆ ਜਾਣਕਾਰੀ ਮਿਲੀ ਸੀ, ਜਿਸ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ, ਪਰ ਉਨ੍ਹਾਂ ਨੇ ਜਵਾਨਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀਬਾਰੀ ਕੀਤੀ, ਜਿਸ ਵਿੱਚ ਤਿੰਨ ਅੱਤਵਾਦੀ ਮਾਰੇ ਗਏ।
ਪੁਲਵਾਮਾ ‘ਚ ਸ਼ੁੱਕਰਵਾਰ ਨੂੰ 2 ਅੱਤਵਾਦੀ ਮਾਰੇ ਗਏ
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਪੰਪੋਰ ਦੇ ਖਰੂ ਇਲਾਕੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਮੁੱਠਭੇੜ ਸ਼ੁਰੂ ਹੋਈ ਅਤੇ ਦੋ ਅੱਤਵਾਦੀ ਮਾਰੇ ਗਏ। ਮੁਕਾਬਲੇ ਵਾਲੀ ਥਾਂ ਤੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ।