ਨਵੀਆਂ ਖੇਤੀ ਚੁਣੌਤੀਆਂ ਸਾਹਮਣੇ ਪੀ ਏ ਯੂ ਖੇਤੀ ਖੇਤਰ ਨੂੰ ਅਗਵਾਈ ਦੇਵੇਗੀ: ਤਿਵਾੜੀ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਅੱਜ ਭਾਰਤ ਦਾ 75ਵਾਂ ਅਜ਼ਾਦੀ ਦਿਹਾੜਾ ਸਾਦਗੀ ਨਾਲ ਮਨਾਇਆ ਗਿਆ। ਕੋਵਿਡ-19 ਦੇ ਮੱਦੇਨਜ਼ਰ ਬਹੁਤ ਸਰਲ ਅੰਦਾਜ਼ ਵਿਚ ਕੀਤੇ ਇਸ ਸਮਾਗਮ ਦੀ ਪ੍ਰਧਾਨਗੀ ਪੀ ਏ ਯੂ ਦੇ ਵਾਈਸ ਚਾਂਸਲਰ ਆਈ ਏ ਐਸ ਸ਼੍ਰੀ ਅਨਿਰੁੱਧ ਤਿਵਾੜੀ ਨੇ ਕੀਤੀ। ਸ਼੍ਰੀ ਤਿਵਾੜੀ ਨੇ ਇਸ ਮਹਾਨ ਦਿਹਾੜੇ ਦੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸੇ ਦਿਨ ਦੇਸ਼ ਨੂੰ 200 ਸਾਲ ਦੇ ਬਰਤਾਨਵੀ ਸ਼ਾਸ਼ਨ ਤੋਂ ਮੁਕਤੀ ਮਿਲੀ ਸੀ। ਆਜ਼ਾਦੀ ਤੋਂ ਬਾਅਦ ਦੇਸ਼ ਵਾਸੀਆਂ ਨੂੰ ਭੁੱਖਮਰੀ ਤੋਂ ਬਚਾਉਣ ਦੀ ਚੁਣੌਤੀ ਸੀ। ਪੀ ਏ ਯੂ ਨੇ ਇਸ ਚੁਣੌਤੀ ਸਾਹਮਣੇ ਹਰੇ ਇਨਕਲਾਬ ਦੀ ਅਗਵਾਈ ਕੀਤੀ। ਉਨ੍ਹਾਂ ਪੀ ਏ ਯੂ ਨੂੰ ਹੁਣੇ ਹੁਣੇ ਆਈ ਸੀ ਏ ਆਰ ਵਲੋਂ ਦੇਸ਼ ਦੀ ਸਰਵੋਤਮ ਰਾਜ ਖੇਤੀ ਯੂਨੀਵਰਸਿਟੀ ਚੁਣਨ ਲਈ ਇਸਦੇ ਸਮੁੱਚੇ ਅਮਲੇ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿਖਰ ‘ਤੇ ਪੁੱਜ ਕੇ ਉਥੇ ਬਰਕਰਾਰ ਰਹਿਣਾ ਹੋਰ ਵੀ ਔਖਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੋਵਿਡ ਦੀ ਮਹਾਂਮਾਰੀ ਦੌਰਾਨ ਆਈ ਖੜੋਤ ਦੇ ਬਾਵਜੂਦ ਪੀ ਏ ਯੂ ਵਲੋਂ ਕੀਤੇ ਪਸਾਰ ਕਾਰਜਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵੀ ਕਿਸਾਨਾਂ ਦੀ ਸਫਲਤਾ ਲਈ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ ਯੋਜਨਾ ਇਸਦਾ ਹੀ ਸਰੂਪ ਹੈ। ਸ਼੍ਰੀ ਤਿਵਾੜੀ ਨੇ ਕਿਹਾ ਕਿ ਖੇਤੀ ਸਥਿਰਤਾ, ਕੁਦਰਤੀ ਸਰੋਤਾਂ ਦੀ ਸੰਭਾਲ, ਖੇਤੀ ਮੁਹਾਰਤ ਦਾ ਵਿਕਾਸ ਅਜੋਕੇ ਸਮੇਂ ਦੀਆਂ ਲੋੜਾਂ ਹਨ ਤੇ ਪੀ ਏ ਯੂ ਲਗਾਤਾਰ ਇਸ ਲਈ ਯਤਨਸ਼ੀਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪੀ ਏ ਯੂ ਖੇਤੀ ਖੇਤਰ ਨੂੰ ਯੋਗ ਅਗਵਾਈ ਦੇ ਕੇ ਇਨ੍ਹਾਂ ਚੁਣੌਤੀਆਂ ਨਾਲ ਲੜਨ ਦੇ ਹਾਲਾਤ ਪੈਦਾ ਕਰ ਸਕੇਗਾ।

ਇਸ ਤੋਂ ਪਹਿਲਾਂ ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਵਾਈਸ ਚਾਂਸਲਰ, ਅਫਸਰ ਸਾਹਿਬਾਨ, ਫੈਕਲਟੀ ਅਤੇ ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਸਭ ਨੂੰ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਆਜ਼ਾਦੀ ਨੂੰ ਮਾਣਦੇ ਸਮੇਂ ਇਸਦੀ ਰੱਖਿਆ ਕਰਨ ਤੇ ਇਸ ਨੂੰ ਬਰਕਰਾਰ ਰੱਖਣ ਦੀ ਲੋੜ ਹੈ। ਸਮਾਜਿਕ ਕੁਰੀਤੀਆਂ ਬਰਾਬਰਤਾ ਦੇ ਰਾਹ ਵਿੱਚ ਬਹੁਤ ਵੱਡਾ ਰੋੜਾ ਹਨ ਅਤੇ ਇਹਨਾਂ ਦੇ ਖਾਤਮੇ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ। ਡਾ ਧਾਲੀਵਾਲ ਨੇ ਦੱਸਿਆ ਕਿ ਪੀ ਏ ਯੂ ਨੇ ਖੇਤੀ ਵਿਗਿਆਨੀ ਹੀ ਨਹੀਂ ਬਲਕਿ ਮਹਾਨ ਖਿਡਾਰੀ ਤੇ ਕਲਾਕਾਰ ਵੀ ਪੈਦਾ ਕੀਤੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਜ਼ਿੰਦਗੀ ਦੇ ਉਸਾਰੂ ਪੱਖਾਂ ਦੇ ਧਾਰਨੀ ਹੋਣ ਲਈ ਪ੍ਰੇਰਿਤ ਕੀਤਾ।

ਅੰਤ ਵਿਚ ਧੰਨਵਾਦ ਦੇ ਸ਼ਬਦ ਸਮਾਗਮ ਦਾ ਸੰਚਾਲਨ ਕਰ ਰਹੇ ਭਲਾਈ ਅਧਿਕਾਰੀ ਗਰਪ੍ਰੀਤ ਵਿਰਕ ਨੇ ਕਹੇ। ਵਾਈਸ ਚਾਂਸਲਰ ਸ਼੍ਰੀ ਤਿਵਾੜੀ ਨੇ ਰਾਸ਼ਟਰੀ ਝੰਡਾ ਝੁਲਾਉਣ ਦੀ ਰਸਮ ਅਦਾ ਕੀਤੀ। ਉਸ ਤੋਂ ਬਾਅਦ ਰਾਸ਼ਟਰੀ ਗਾਣ ਵਜਾਇਆ ਗਿਆ।

ਇਸ ਮੌਕੇ ਪੀ ਏ ਯੂ ਦੇ ਰਜਿਸਟਰਾਰ ਡਾ ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿਖਿਆ ਡਾ ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਖੋਜ ਡਾ ਨਵਤੇਜ ਬੈਂਸ, ਯੂਨੀਵਰਸਿਟੀ ਕੰਪਟਰੋਲਰ ਡਾ ਕਮਲ ਵੱਤਾ, ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ, ਡੀਨ ਖੇਤੀ ਇੰਜਨੀਰਿੰਗ ਕਾਲਜ ਡਾ ਅਸ਼ੋਕ ਕੁਮਾਰ, ਡੀਨ ਬਾਗਬਾਨੀ ਕਾਲਜ ਡਾ ਐੱਮ ਆਈ ਐੱਸ ਗਿੱਲ, ਡੀਨ ਕਮਿਊਨਿਟੀ ਸਾਇੰਸ ਕਾਲਜ ਡਾ ਸੰਦੀਪ ਬੈਂਸ, ਵਧੀਕ ਨਿਰਦੇਸ਼ਕ ਖੋਜ, ਵਧੀਕ ਨਿਰਦੇਸ਼ਕ ਪਸਾਰ ਸਿਖਿਆ ਅਤੇ ਸਮੂਹ ਵਿਭਾਗਾਂ ਦੇ ਮੁਖੀ ਹਾਜ਼ਿਰ ਸਨ

Share This Article
Leave a Comment