ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦਗਾਰ ਬਨਾਉਣ ਤੇ ਇੰਗਲੈਂਡ ਤੋਂ ਨਿਸ਼ਾਨੀਆਂ ਲਿਆਉਣ ਦੀ ਮੰਗ

TeamGlobalPunjab
4 Min Read

ਚੰਡੀਗੜ੍ਹ, (ਅਵਤਾਰ ਸਿੰਘ) : ਅੰਮ੍ਰਿਤਸਰ ਵਿਕਾਸ ਮੰਚ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਢੁਕਵੀਂ ਯਾਦਗਾਰ ਬਨਾਉਣ ਤੇ ਇੰਗਲੈਂਡ ਤੋਂ ਉਸ ਦੀਆਂ ਨਿਸ਼ਾਨੀਆਂ ਲਿਆਉਣ ਦੀ ਮੰਗ ਕੀਤੀ ਹੈ। ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਪ੍ਰਧਾਨ ਹਰਦੀਪ ਸਿੰਘ ਚਾਹਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਸ਼ਹੀਦ ਮਦਨ ਲਾਲ ਢੀਂਗਰਾ ਅਜਿਹੇ ਪਹਿਲੇ ਸ਼ਹੀਦ ਹਨ ਜਿਸ ਨੇ 1 ਜੁਲਾਈ 1909 ਨੂੰ ਭਾਰਤ ਵਿਚਲੇ ਸੈਕਟਰੀ ਆਫ ਸਟੇਟ ਦੇ ਰਾਜਸੀ ਸਹਾਇਕ ਸਰ ਵਿਲੀਅਮ ਹਟ ਕਰਜਨ ਵਾਇਲੀ ਨੂੰ ਲੰਡਨ ਵਿਚ ਮਾਰ ਮੁਕਾਇਆ ਜੋ ਭਾਰਤੀ ਵਿਦਿਆਰਥੀਆਂ ਦੀ ਖ਼ੁਫ਼ੀਆ ਨਿਗਰਾਨੀ ਕਰਦਾ ਸੀ। ਉਹ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਸੀ। ਭਾਰਤੀ ਵਿਦਿਆਰਥੀ ਉਸ ਤੋਂ ਬਹੁਤ ਦੁੱਖ਼ੀ ਸਨ। ਸਿੱਟੇ ਵਜੋਂ ਢੀਂਗਰਾ ਨੂੰ 17 ਅਗਸਤ 1909 ਨੂੰ ਲੰਡਨ ਦੀ ਪੈਂਟੋਨਵਿਲੇ ਜੇਲ੍ਹ ਵਿੱਚ ਫਾਂਸੀ ’ਤੇ ਚੜ੍ਹਾ ਕੇ ਸ਼ਹੀਦਕਰ ਦਿੱਤਾ ਗਿਆ।

ਢੀਂਗਰਾ ਦੀ ਇਸ ਦਲੇਰਾਨਾ ਕਾਰਵਾਈ ਅਤੇ ਸ਼ਹਾਦਤ ਨੇ ਭਾਰਤੀ ਨੌਜੁਆਨਾਂ ਨੂੰ ਹਥਿਆਰਬੰਦ ਸੰਘਰਸ਼ ਲਈ ਇਕ ਚਿੰਗਿਆੜੀ ਦਾ ਕੰਮ ਕੀਤਾ, ਤੇ ਉਹ ਉਨ੍ਹਾਂ ਲਈ ਪਹਿਲਾ ਰੋਲ ਮਾਡਲ ਬਣਿਆ। ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਚੰਦਰ ਸ਼ੇਖਰ ਆਜ਼ਾਦ ਆਦਿ ਨੌਜੁਆਨਾਂ ਦਾ ਉਹ ਪ੍ਰੇਰਨਾ ਸ੍ਰੋਤ ਸੀ। ਡਾ.ਸੈਫ਼ੁਲਦੀਨ ਕਿਚਲੂ ਵੀ ਉਸ ਸਮਾਗਮ ਵਿਚ ਸ਼ਾਮਲ ਸੀ, ਜਿਸ ਵਿਚ ਢੀਂਗਰਾ ਨੇ ਵਾਇਲੀ ਦਾ ਕਤਲ ਕੀਤਾ ਸੀ ਤੇ ਸ਼ਾਇਦ ਇਹੋ ਹੀ ਕਾਰਨ ਸੀ ਕਿ ਉਸ ਨੇ ਅੰਮ੍ਰਿਤਸਰ ਆ ਕੇ ਆਜ਼ਾਦੀ ਦੀ ਲਹਿਰ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ ਤੇ ਉਸ ਨੇ ਸਾਰੀ ਉਮਰ ਹਿੰਦੂ ਮੁਸਲਮ ਏਕਤਾ ਤੇ ਦੇਸ਼ ਦੀ ਆਜ਼ਾਦੀ ਵਿਚ ਲਾ ਦਿੱਤੀ ਸੀ।

13 ਦਸੰਬਰ 1976 ਨੂੰ ਵੱਡੀ ਜੱਦੋ-ਜਹਿਦ ਪਿੱਛੋਂ ਲੰਡਨ ਤੋਂ ਸ਼ਹੀਦ ਮਦਨ ਲਾਲ ਢੀਂਗਰਾ ਦੀਆਂ ਅਸਥੀਆਂ ਭਾਰਤ ਮੰਗਵਾਈਆਂ ਗਈਆਂ। ਸ਼ਰਧਾਂਜਲੀ ਭੇਂਟ ਕਰਨ ਹਿਤ ਸ਼ਹੀਦ ਦੀਆਂ ਅਸਥੀਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਹੁੰਦੀਆਂ ਹੋਈਆਂ 20 ਦਸੰਬਰ 1976 ਨੂੰ ਸ਼ਹੀਦ ਦੀ ਜਨਮ ਭੂਮੀ ਅੰਮਿ੍ਰਤਸਰ ਪੁੱਜੀਆਂ। ਸ਼ਹਿਰ ਦੀ ਮਾਲ ਮੰਡੀ ਨੇੜੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਉਸੇ ਦੌਰਾਨ ਸਸਕਾਰ ਵਾਲੇ ਸਥਾਨ ’ਤੇ ਤਤਕਾਲੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਵੱਲੋਂ ਸ਼ਹੀਦ ਢੀਂਗਰਾ ਦੀ ਸਮਾਧ ਤੇ ਸਮਾਰਕ ਦਾ ਨੀਂਹ ਪਥੱਰ ਰੱਖਿਆ ਗਿਆ ।ਇਸ ਥਾਂ ‘ਤੇ ਸ਼ਹੀਦ ਦਾ ਬੁੱਤ ਲੱਗਾ ਹੋਇਆ ਹੈ। ਦੂਸਰਾ ਬੁੱਤ ਟਾਊਨ ਹਾਲ ਵਿਚ ਲੁਗਾ ਹੋਇਆ ਹੈ।

ਹਰ ਸਾਲ ਰਾਜ ਪੱਧਰੀ ਸਮਾਗਮ ਅੰਮ੍ਰਿਤਸਰ ਵਿਚ ਕੀਤਾ ਜਾਂਦਾ ਹੈ ਪਰ ਕਿਸੇ ਵੀ ਸਰਕਾਰ ਨੇ ਉਸ ਦੇ ਜੱਦੀ ਘਰ ਨੂੰ ਸਾਂਭਣ ਤੇ ਉਸ ਦੀ ਯਾਦ ਵਿਚ ਅਜਾਇਬ ਘਰ ਬਨਾਉਣ ਦਾ ਯਤਨ ਨਹੀਂ ਕੀਤਾ ।ਪ੍ਰਵਾਰਿਕ ਮੈਂਬਰਾਂ ਵਿਚੋਂ ਇਕ ਨੇ ਜੱਦੀ ਘਰ ਨੂੰ 2012 ਵਿਚ ਵੇਚ ਦਿੱਤਾ । ਖ੍ਰੀਦਣ ਵਾਲੇ ਨੇ ਇਸ ਨੂੰ ਢਾਹ ਢੇਰੀ ਕਰ ਦਿੱਤਾ ਤੇ ਇਹ ਮਾਮਲਾ ਮਾਨਯੋਗ ਪੰਜਾਬ ਅਤੇ ਹਾਈ ਕੋਰਟ ਵਿਚ ਪਹੁੰਚ ਗਿਆ, ਜਿਸ ਦਾ ਰਿਟ ਨੰਬਰ ਸਿਵਲ ਰਿਟ ਪਟੀਸ਼ਨ 3197 ਆਫ਼ 2012 ਹੈ। ਕੁਝ ਖੱਬੇ ਪੱਖੀ ਜਥੇਬੰਦੀਆਂ, ਸਾਬਕਾ ਮੰਤਰੀ ਸ੍ਰੀ ਮਤੀ ਲਕਛਮੀ ਕਾਂਤਾ ਚਾਵਲਾ , ਦੇਸ਼ ਭਗਤ ਭਗਤ ਯਾਦਗਾਰ ਕਮੇਟੀ ਜਲੰਧਰ, ਸ਼ਹੀਦ ਢੀਂਗਰਾ ਦੇ ਘਰ ਨੂੰ ਕੌਮੀ ਵਿਰਾਸਤ ਦਾ ਦਰਜਾ ਦੇਣ ਲਈ ਆਵਾਜ਼ ਬੁਲੰਦ ਕਰਦੀਆਂ ਰਹੀਆ ਹਨ, ਪਰ ਅਫ਼ਸੋਸ ਦੀ ਗੱਲ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਹੈ ਤੇ ਇਹ ਘਰ ਖੰਡਰ ਬਣਿਆ ਪਿਆ ਹੈ।ਇਸ ਲਈ ਮੰਚ ਨੇ ਕੈਪਟਨ ਸਾਹਿਬ ਨੂੰ ਇਸ ਜਗਾਹ ਦਾ ਦੌਰਾ ਕਰਨ ਦੀ ਅਪੀਲ ਕੀਤੀ ਹੈ ਤੇ ਇਸ ਨੂੰ ਕੌਮੀ ਵਿਰਾਸਤ ਦਾ ਦਰਜਾ ਦੇਣ ਤੇ ਢੁਕਵੀਂ ਯਾਦਗਾਰ ਬਨਾਉਣ ਲਈ ਲੋੜੀਂਦੇ ਫੰਡ ਜਾਰੀ ਕਰਨ ਦੀ ਅਪੀਲ ਕੀਤੀ ਹੈ।

- Advertisement -

Share this Article
Leave a comment