ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਲਾਕ ਹੋਣ ਤੋਂ ਬਾਅਦ ਵੀਰਵਾਰ ਨੂੰ ਕਾਂਗਰਸ ਦਾ ਵੀ ਅਧਿਕਾਰਤ ਟਵਿੱਟਰ ਅਕਾਊਂਟ ਲਾਕ ਹੋ ਗਿਆ ਹੈ। ਇਹ ਜਾਣਕਾਰੀ ਕਾਂਗਰਸ ਨੇ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਦਿੱਤੀ ਹੈ ਇਸ ਦੇ ਨਾਲ ਹੀ ਪਾਰਟੀ ਨੇ ਸਕਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਉਹ ਫਿਰ ਜਿੱਤੇਗੀ। ਇਸ ਦੇ ਨਾਲ ਹੀ ਫੇਸਬੁੱਕ ਤੇ ਲਿਖਿਆ ਹੈ, ‘ਅਸੀਂ ਲੜਾਂਗੇ ਤੇ ਅਸੀਂ ਲੜਦੇ ਰਹਾਂਗੇ।’
ਕਾਂਗਰਸ ਨੇ ਲਿਖਿਆ, ‘ਜਦੋਂ ਸਾਡੇ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਉਦੋਂ ਅਸੀਂ ਨਹੀਂ ਡਰੇ ਤਾਂ ਹੁਣ ਟਵਿੱਟਰ ਅਕਾਊਂਟ ਬੰਦ ਕਰਨ ਨਾਲ ਕੀ ਡਰਾਂਗੇ।’
ਇਸ ਤੋਂ ਅੱਗੇ ਲਿਖਿਆ ਗਿਆ ਹੈ, ‘ਜੇਕਰ ਬਲਾਤਕਾਰ ਪੀੜਤਾ ਬੱਚੀ ਨੂੰ ਇਨਸਾਫ਼ ਦਿਵਾਉਣ ਲਈ ਆਵਾਜ਼ ਚੁੱਕਣੀ ਅਪਰਾਧ ਹੈ ਤਾਂ ਇਹ ਅਪਰਾਧ ਅਸੀਂ 100 ਵਾਰੀ ਕਰਾਂਗੇ।’ ਜੈ ਹਿੰਦ।
View this post on Instagram
ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਅਸਥਾਈ ਤੌਰ ‘ਤੇ ਬੈਨ ਕੀਤੇ ਜਾਣ ਦੇ ਵਿਚਾਲੇ ਕਾਂਗਰਸ ਨੇ ਬੁੱਧਵਾਰ ਦੇਰ ਰਾਤ ਦਾਅਵਾ ਕੀਤਾ ਸੀ ਕਿ ਰਣਦੀਪ ਸੁਰਜੇਵਾਲਾ ਸਣੇ ਪੰਜ ਆਗੂਆਂ ਦੇ ਅਕਾਊਂਟ ਦੇ ਖ਼ਿਲਾਫ਼ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ।
ਰਾਹੁਲ ਗਾਂਧੀ ਨੇ ਬੀਤੇ ਹਫ਼ਤੇ ਦਿੱਲੀ ਵਿੱਚ ਬਲਾਤਕਾਰ ਤੇ ਕਤਲ ਦੀ ਪੀੜਤਾ 9 ਸਾਲਾ ਬੱਚੀ ਦੇ ਪਰਿਵਾਰ ਨਾਲ ਇੱਕ ਤਸਵੀਰ ਟਵੀਟ ਕੀਤੀ ਸੀ। ਜਿਸ ਤੋਂ ਬਾਅਦ ਐਨਸੀਪੀਸੀਆਰ ਨੇ ਰਾਹੁਲ ਗਾਂਧੀ ਦੇ ਟਵੀਟ ‘ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ।