ਚੰਡੀਗੜ੍ਹ/ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਕੇਂਦਰੀ ਖੇਤੀ ਕਾਨੂੰਨਾਂ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ’ਤੇ ਸਦਨ ਅੰਦਰ ਚਰਚਾ ਹੋਣੀ ਚਾਹੀਦੀ ਹੈ। ਅਕਾਲੀ ਦਲ ਨੇ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਮੰਨੇ। ਪਾਰਟੀ ਆਗੂ ਹਰਸਿਮਰਤ ਕੌਰ ਬਾਦਲ ਨੇ ਹੋਰ ਪਿਛੜਾ ਵਰਗ (ਓ. ਬੀ. ਸੀ.) ਨਾਲ ਸਬੰਧਤ ‘ਸੰਵਿਧਾਨ ਬਿੱਲ 2021 ’ਤੇ ਚਰਚਾ ’ਚ ਹਿੱਸਾ ਲੈਂਦੇ ਹੋਏ ਕਿਹਾ ਕਿ ਇਸ ਵਿਸ਼ੇ ’ਤੇ ਚਰਚਾ ਹੋ ਰਹੀ ਹੈ ਤਾਂ ਕਿਸਾਨਾਂ ਦੇ ਮੁੱਦਿਆਂ ’ਤੇ ਵੀ ਇੱਥੇ ਗੱਲ ਹੋਣੀ ਚਾਹੀਦੀ ਹੈ।
ਬਠਿੰਡਾ ਤੋਂ ਸੰਸਦ ਮੈਂਬਰ ਨੇ ਪਹਿਲਾਂ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੀਆਂ ਤਸਵੀਰਾਂ ਸੰਸਦ ਦੇ ਬਾਹਰ ਅਕਾਲੀ ਦਲ ਤੇ ਬਸਪਾ ਦੇ ਹੋਰ ਸੰਸਦ ਮੈਂਬਰਾਂ ਨਾਲ ਰਲ ਕੇ ਵਿਖਾਈਆਂ ਸਨ ਤੇ ਬੈਨਰ ਲਹਿਰਾਏ ਸਨ, ਜਿਹਨਾਂ ’ਤੇ ‘ਕੇਂਦਰ ਸਰਕਾਰ ਕਰ ਲੇ ਪਹਿਚਾਨ ਯੇਹ ਹੈ ਹਮਾਰਾ ਸ਼ਹੀਦ ਕਿਸਾਨ’ ਲਿਖਿਆ ਹੋਇਆ ਸੀ। ਬਾਅਦ ਵਿਚ ਉਹਨਾਂ ਇਹੀ ਮਾਮਲਾ ਸੰਸਦ ਵਿਚ 127ਵੇਂ ਸੋਧ ਬਿੱਲ ’ਤੇ ਗੱਲ ਕਰਦਿਆਂ ਚੁੱਕਿਆ।
ਹਰਸਿਮਰਤ ਬਾਦਲ ਨੇ ਕਿਹਾ ਕਿ ਸੰਸਦ ਵਿਚ ਇਹ ਤਸਵੀਰਾਂ ਇਸ ਕਰ ਕੇ ਲੈ ਕੇ ਆਏ ਸਨ ਕਿਉਂਕਿ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਇਹਨਾਂ ਦੀ ਹੋਂਦ ’ਤੇ ਹੀ ਸਵਾਲ ਚੁੱਕੇ ਸਨ ਤੇ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲਿਆਂ ਬਾਰੇ ਸਰਕਾਰ ਕੋਲ ਕੋਈ ਜਾਣਕਾਰੀ ਨਹੀਂ ਹੈ।
ਉਹਨਾਂ ਮੰਗ ਕੀਤੀ ਕਿ ਸਰਕਾਰ ਪ੍ਰਭਾਵਤ ਪਰਿਵਾਰਾਂ ਤੱਕ ਪਹੁੰਚ ਕਰਕੇ ਅਤੇ ਉਹਨਾਂ ਦੀ ਹੋਂਦ ‘ਤੇ ਸਵਾਲ ਚੁੱਕਣ ਦੀ ਥਾਂ ਉਹਨਾਂ ਨੂੰ ਰਾਹਤ ਪ੍ਰਦਾਨ ਕਰੇ।
ਓ.ਬੀ.ਸੀ. ਬਿੱਲ ਬਾਰੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਕਿਹਾ ਕਿ ਅਕਾਲੀ ਦਲ ਨੇ ਸੰਘੀ ਢਾਂਚੇ ਦੀ ਮਜ਼ਬੂਤੀ ਲਈ ਲੜਾਈ ਲੜੀ ਹੈ ਅਤੇ ਇਸ ਲਈ ਉਹ ਇਸ ਬਿੱਲ ਦਾ ਸਵਾਗਤ ਕਰਦੀ ਹੈ, ਜਿਸ ਵਿਚ ਇਹ ਵਿਵਸਥਾ ਹੈ ਕਿ ਸੂਬਿਆਂ ਨੂੰ ਓ. ਬੀ. ਸੀ. ਦੀ ਸੂਚੀ ਤੈਅ ਕਰਨ ਦਾ ਅਧਿਕਾਰ ਮਿਲੇਗਾ। ਉਨ੍ਹਾਂ ਨੇ ਸਰਕਾਰ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਸਰਕਾਰ ‘ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ’ ਦੀ ਗੱਲ ਕਰਦੀ ਹੈ ਪਰ ਸੜਕਾਂ ’ਤੇ ਬੈਠੇ ਕਿਸਾਨਾਂ ਦੇ ਵਿਕਾਸ ਦਾ ਕੀ ਹੋਵੇਗਾ?
ਅਕਾਲੀ ਦਲ ਦੀ ਆਗੂ ਨੇ ਦੋਸ਼ ਲਾਇਆ ਕਿ ‘ਕਾਲੇ ਕਾਨੂੰਨ’ ਲਿਆ ਕੇ ਕਿਸਾਨਾਂ ’ਤੇ ਬੋਝ ਵਧਾਇਆ ਗਿਆ ਹੈ ਅਤੇ ਸੈਂਕੜੇ ਕਿਸਾਨਾਂ ਦੀ ਮੌਤ ਹੋ ਗਈ। ਹਰਸਿਮਰਤ ਨੇ ਸਵਾਲ ਕੀਤਾ ਕਿ ਪੈਗਾਸਸ ਮਾਮਲੇ ਨੂੰ ਲੈ ਕੇ ਸਦਨ ਨਹੀਂ ਚਲ ਰਹੀ ਹੈ। ਖੇਤੀ ਕਾਨੂੰਨਾਂ ਕਾਰਨ ਲੋਕਾਂ ਦੀ ਜਾਨ ਜਾਂਦੀ ਹੈ ਤਾਂ ਇਸ ’ਤੇ ਚਰਚਾ ਕਿਉਂ ਨਹੀਂ ਹੋ ਸਕਦੀ? ਉਨ੍ਹਾਂ ਨੇ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ‘ਤੇ ਚਰਚਾ ਕੀਤੀ ਜਾਵੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ।