ਫਰਿਜ਼ਨੋ (ਕੈਲੀਫੋਰਨੀਆ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ : ਸਥਾਨਿਕ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਜਿਹੜੀ ਕਿ ਸਮੇਂ ਸਮੇਂ ਸਿਰ ਦੇਸ਼ ਭਗਤਾਂ ਦੀ ਯਾਦ ਵਿੱਚ ਸਮਾਗਮ ਕਰਵਾਕੇ ਸਾਡੀ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀ ਸੋਚ ਤੋਂ ਜਾਣੂ ਕਰਵਾਉਣ ਲਈ ਸਾਰਥਿਕ ਉਪਰਾਲੇ ਕਰਦੀ ਰਹਿੰਦੀ ਹੈ, ਵੱਲੋ ਲੰਘੇ ਸ਼ਨੀਵਾਰ ਸ਼ਹੀਦ ਮਦਨ ਲਾਲ ਢੀਂਗਰਾਂ ਅਤੇ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਫਰਿਜ਼ਨੋ ਦੇ ਨੌਰਥ ਪੁਆਇੰਟ ਈਵੈਂਟ ਸੈਂਟਰ ਵਿੱਚ ਕਰਵਾਇਆ ਗਿਆ।
ਇਸ ਮੌਕੇ ਬੱਚਿਆ ਨੇ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਨੂੰ ਯਾਦ ਕਰਦਿਆਂ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਗਨ ਲਾਲ ਢੀਗਰਾਂ ਦੇ ਨਾਲ ਸਬੰਧਤ ਵਿਸ਼ਿਆਂ ਤੇ ਭਾਸ਼ਨ ਕੀਤੇ ਅਤੇ ਕਵਿਤਾਵਾਂ ਪੜ੍ਹੀਆਂ ਗਈਆ। ਭਾਗ ਲੈਣ ਵਾਲੇ ਕਵੀਆਂ ਅਤੇ ਬੱਚਿਆ ਨੂੰ ਫੋਰਮ ਵੱਲੋਂ ਸਨਮਾਨ ਚਿੰਨ ਦਿੱਤੇ ਗਏ। ਸਮਾਗਮ ਦੌਰਾਨ ਬਾਪੂ ਗੁਰਦੀਪ ਸਿੰਘ ਅਣਖੀ ਨੇ ਸ਼ਹੀਦਾਂ ਦੇ ਜੀਵਨ ਚੇ ਪੰਛੀ ਝਾਕ ਪਵਾਈ।
ਇਸ ਸਮਾਗਮ ਵਿੱਚ ਫਰਿਜਨੋ ਦੀਆ ਸਿਰਕੱਢ ਸ਼ਖਸ਼ੀਅਤਾਂ ਨੇ ਭਾਗ ਲੈਕੇ ਪ੍ਰੋਗ੍ਰਾਮ ਨੂੰ ਹੋਰ ਚਾਰ ਚੰਨ ਲਾਏ। ਸਟੇਜ ਸੰਚਾਲਨ ਹਰਜਿੰਦਰ ਢੇਸੀ ਤੇ ਸੁਰਿੰਦਰ ਮੰਡਾਲੀ ਨੇ ਬਾਖੂਬੀ ਕੀਤਾ। ਫੋਰਮ ਦੀ ਮਹਿਲਾ ਵਿੰਗ ਦੀ ਬੁਲਾਰੀ ਸ਼ਰਨਜੀਤ ਧਾਲੀਵਾਲ ਨੇ ਦੱਸਿਆ ਕਿ ਇਹੋ ਜਿਹੇ ਸਮਾਗਮ ਬੱਚਿਆਂ ਨੂੰ ਉਤਸ਼ਾਹਤ ਕਰਦੇ ਹਨ ਅਤੇ ਹੋਰ ਬੱਚਿਆਂ ਨੂੰ ਏਦਾਂ ਦੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਦੇ ਹਨ।
ਹੋਰ ਬੋਲਣ ਵਾਲੇ ਬੁਲਾਰਿਆਂ ਵਿੱਚ ਪ੍ਰਗਟ ਸਿੰਘ ਧਾਲੀਵਾਲ, ਡਾ. ਅਰਜਨ ਸਿੰਘ ਜੋਸ਼ਨ, ਮਲਕੀਤ ਸਿੰਘ ਕਿੰਗਰਾ, ਸਾਧੂ ਸਿੰਘ ਸੰਘਾ, ਸ਼ਾਇਰ ਰਣਜੀਤ ਗਿੱਲ, ਦਲਜੀਤ ਸਿੰਘ ਸਰਾਂ ਆਦਿ ਦੇ ਨਾਮ ਜਿਕਰਯੋਗ ਹਨ।
ਇਸ ਤਰਾਂ ਬੱਚੇ ਬੁਲਾਰਿਆਂ ਵਿੱਚ ਸ਼ੁਕਰੀਤੀ ਕੁਮਾਰ, ਰਾਜਵੀਰ ਧਾਲੀਵਾਲ, ਬਬਲੀ ਸਿੱਧੂ, ਗੁਰਲੀਨ ਸਿੱਧੂ ਅਤੇ ਆਂਚਲ ਕੌਰ ਹੇਅਰ ਆਦਿ ਨੇ ਇਕੱਠ ਨੂੰ ਸੰਬੋਧਨ ਕੀਤਾ।
ਅਖੀਰ ਅਮਿੱਟ ਪੈੜ੍ਹਾਂ ਛੱਡਦਾ ਇਹ ਪ੍ਰੋਗ੍ਰਾਮ ਯਾਦਗਾਰੀ ਹੋ ਨਿਬੜਿਆ।