ਖੁਰਾਕੀ ਤੱਤਾਂ ਨਾਲ ਭਰਪੂਰ ਹੈ ਬਰੌਕਲੀ

TeamGlobalPunjab
4 Min Read

ਨਿਊਜ਼ ਡੈਸਕ (ਅਜੈ ਕੁਮਾਰ) : ਬਰੌਕਲੀ ਵਿੱਚ ਕਈ ਖੁਰਾਕੀ ਤੱਤ ਜਿਵੇਂ ਕਿ ਨਿਸ਼ਾਸ਼ਤਾ, ਖਣਿਜ ਪਦਾਰਥ ਅਤੇ ਵਿਟਾਮਿਨ ਕਾਫੀ ਮਾਤਰਾ ਵਿਚ ਪਾਏ ਜਾਂਦੇ ਹਨ। ਬਰੌਕਲੀ ਵਿੱਚ ਵਿਟਾਮਿਨ, ਆਇਰਨ (ਲੋਹਾ) ਅਤੇ ਕੈਲਸ਼ੀਅਮ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ । ਇਸ ਵਿੱਚ 3.3 ਪ੍ਰਤੀਸ਼ਤ ਪ੍ਰੋਟੀਨ, ਵਿਟਾਮਿਨ ਏ, ਸੀ, ਥਾਇਆਮੀਨ, ਨਾਇਸੀਨ ਅਤੇ ਰਿਬੋਫਲਾਵਿਨ ਵੀ ਹੁੰਦੇ ਹਨ। ਜਾਮਨੀ ਰੰਗ ਦੀ ਬਰੌਕਲੀ ਵਿੱਚ ਗਲੂਕੋਸੀਨੋਲੇਟ 72-212 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਪਾਇਆ ਜਾਂਦਾ ਹੈ। ਇਹ ਸੀਰਮ ਕਲੈਸਟਰੋਲ ਘਟਾਉਣ ਵਿਚ ਵੀ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਸ ਵਿਚ ਕੈਂਸਰ ਨੂੰ ਘਟਾਉਣ ਵਾਲੇ ਤੱਤ ਵੀ ਪਾਏ ਜਾਂਦੇ ਹਨ ।ਬਰੌਕਲੀ ਠੰਢੇ ਅਤੇ ਸਿਲ੍ਹੇ ਮੌਸਮ ਵਿੱਚ ਵਧੀਆ ਹੁੰਦੀ ਹੈ ਅਤੇ ਜ਼ਿਆਦਾ ਤਾਪਮਾਨ ਨਹੀਂ ਸਹਿ ਸਕਦੀ। ਇਸਦੀ ਪੈਦਾਵਾਰ ਲਈ 17-23 ਡਿਗਰੀ ਸੈਂਟੀਗ੍ਰੇਡ ਤਾਪਮਾਨ ਬਹੁਤ ਉੱਤਮ ਹੈ। ਜੇਕਰ ਫ਼ਸਲ ਦੀ ਪੈਦਾਵਾਰ ਸਮੇਂ ਤਾਪਮਾਨ ਇਸ ਤੋਂ ਘੱਟ ਜਾਵੇ ਤਾਂ ਇਸਦੇ ਗੁੱਟ ਤਿਆਰ ਹੋਣ ਦਾ ਸਮਾਂ ਪਛੇਤਾ ਪੈ ਜਾਂਦਾ ਹੈ ਅਤੇ ਗੁੱਟ ਛੋਟੇ ਰਹਿ ਜਾਂਦੇ ਹਨ ।ਜੇਕਰ ਕਿਸਾਨ ਵੀਰ ਹੇਠ ਲਿਖੇ ਨੁਕਤਿਆਂ ਨੂੰ ਧਿਆਨ ਵਿਚ ਰੱਖਣ ਤਾਂ ਬਰੌਕਲੀ ਦੀ ਸਫਲ ਕਾਸ਼ਤ ਕਰ ਸਕਦੇ ਹਨ।

 

ਬਰੌਕਲੀ ਦੀ ਸਫਲ ਕਾਸ਼ਤ ਲਈ ਉੱਨਤ ਕਿਸਮਾਂ ਹਨ:
ਪਾਲਮ ਸਮਰਿਧੀ : ਮੁੱਖ ਅਤੇ ਛੋਟੇ ਗੁੱਟਾਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ। ਗੁੱਟ ਗੁੰਦਵੇਂ, ਗੋਲ ਅਤੇ ਨਰਮ ਹੁੰਦੇ ਹਨ। ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਤੋਂ ਤਕਰੀਬਨ 72 ਦਿਨਾਂ ਬਾਅਦ ਮੁੱਖ ਗੁੱਟ ਕਟਾਈ ਲਈ ਤਿਆਰ ਹੋਣ ਲੱਗਦੇ ਹਨ। ਇਹ ਕਿਸਮ ਸਬਜ਼ੀ ਅਤੇ ਸਲਾਦ ਵਾਸਤੇ ਢੁੱਕਵੀਂ ਹੈ। ਇਸਦਾ ਔਸਤਨ ਝਾੜ 73 ਕੁਇੰਟਲ ਪ੍ਰਤੀ ਏਕੜ ਹੈ।

- Advertisement -

 

 

ਪੰਜਾਬ ਬਰੌਕਲੀ-1: ਮੁੱਖ ਤੇ ਛੋਟੇ ਗੁੱਟਾਂ ਦਾ ਰੰਗ ਵੀ ਗੂੜ੍ਹਾ ਹਰਾ ਹੁੰਦਾ ਹੈ। ਪੱਤਿਆਂ ਅਤੇ ਗੁੱਟਾਂ ਉਤੇ ਜਾਮਣੀ ਰੰਗ ਦੀ ਭਾਅ ਹੁੰਦੀ ਹੈ। ਗੁੱਟ ਗੁੰਦਵੇਂ, ਆਕਰਸ਼ਕ ਅਤੇ ਨਰਮ ਹੁੰਦੇ ਹਨ। ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਤੋਂ ਤਕਰੀਬਨ 65 ਦਿਨਾਂ ਬਾਅਦ ਮੁੱਖ ਗੁੱਟ ਕਟਾਈ ਲਈ ਤਿਆਰ ਹੋਣ ਲੱਗਦੇ ਹਨ। ਸਬਜ਼ੀ ਅਤੇ ਸਲਾਦ ਦੋਹਾਂ ਵਾਸਤੇ ਇਹ ਕਿਸਮ ਢੁੱਕਵੀਂ ਹੈ। ਇਸ ਦਾ ਔਸਤ ਝਾੜ 70 ਕੁਇੰਟਲ ਪ੍ਰਤੀ ਏਕੜ ਹੈ।

ਬਰੌਕਲੀ ਦੀ ਸਫਲ ਕਾਸ਼ਤ ਲਈ ਪਨੀਰੀ ਬੀਜਣ ਦਾ ਯੋਗ ਸਮਾਂ ਅੱਧ ਅਗਸਤ ਤੋਂ ਅੱਧ ਸਤੰਬਰ ਹੈ। ਜਦੋਂ ਪਨੀਰੀ ਇੱਕ ਮਹੀਨੇ ਦੀ ਹੋ ਜਾਵੇ ਤਾਂ ਇਸ ਨੂੰ ਪੁੱਟ ਕੇ ਖੇਤ ਵਿੱਚ ਲਾ ਦਿਉ। ਇੱਕ ਏਕੜ ਵਾਸਤੇ 250 ਗ੍ਰਾਮ ਬੀਜ ਕਾਫ਼ੀ ਹੈ। ਫ਼ਸਲ ਵੇਲੇ ਸਿਰ ਲਗਾਉ ਤਾਂ ਕਿ ਫ਼ਸਲ ਨਿਸਾਰੇ ਤੋਂ ਬਚੀ ਰਹੇ। ਪਨੀਰੀ ਨੂੰ ਸ਼ਾਮ ਵੇਲੇ ਠੀਕ ਵੱਤਰ ਵਿੱਚ ਪੁੱਟ ਕੇ ਖੇਤ ਵਿੱਚ ਲਾਉ ਅਤੇ ਤੁਰੰਤ ਪਿੱਛੋਂ ਪਾਣੀ ਦੇ ਦਿਉ। ਕਤਾਰਾਂ ਅਤੇ ਬੂਟਿਆਂ ਵਿਚਕਾਰ ਫ਼ਾਸਲਾ 45 ਸੈਂਟੀਮੀਟਰ ਰੱਖੋ। ਬਰੌਕਲੀ ਲਈ 40 ਟਨ ਗਲੀ ਸੜੀ ਰੂੜੀ, 110 ਕਿਲੋ ਯੂਰੀਆ,155 ਕਿਲੋ ਸੁਪਰਫ਼ਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਪਾਉਣੀ ਜ਼ਰੂਰੀ ਹੈ।

- Advertisement -

ਕਟਾਈ, ਸਾਂਭ-ਸੰਭਾਲ ਅਤੇ ਮੰਡੀਕਰਨ : ਜਿਉਂ ਹੀ ਗੁੱਟ ਮੰਡੀਕਰਨ ਆਕਾਰ ਦੇ ਹੋਣ, ਕੱਟ ਲੇਣੇ ਚਾਹੀਦੇ ਹਨ। ਇਨ੍ਹਾਂ ਦਾ ਛੇਤੀ ਹੀ ਮੰਡੀਕਰਨ ਕਰ ਦਿਉ ਕਿਉਂਕਿ ਇਹ ਜ਼ਿਆਦਾ ਦੇਰ ਨਹੀਂ ਰੱਖੇ ਜਾ ਸਕਦੇ। ਵਿਚਕਾਰਲਾ ਗੁੱਟ ਕੱਟਣ ਤੋਂ 10-12 ਦਿਨ ਬਾਅਦ ਛੋਟੇ ਗੁੱਟਾਂ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ।

ਸਫਲ ਬੀਜ ਉਤਪਾਦਨ ਲਈ ਨੁਕਤੇ: ਬਰੌਕਲੀ ਦੇ ਬੀਜ ਦੀ ਪੈਦਾਵਾਰ ਲਈ ਫ਼ਸਲ ਨੂੰ ਉਸੇ ਤਰ੍ਹਾਂ ਬੀਜਣਾ ਚਾਹੀਦਾ ਹੈ ਜਿਵੇਂ ਆਮ ਫ਼ਸਲ ਬੀਜੀ ਜਾਂਦੀ ਹੈ। ਜਦੋਂ ਗੁੱਟ ਤਿਆਰ ਹੋਣੇ ਸ਼ੁਰੂ ਹੋ ਜਾਣ ਤਾਂ ਉਨ੍ਹਾਂ ਨੂੰ ਬੀਜ ਦੀ ਪੈਦਾਵਾਰ ਲਈ ਉਸੇ ਤਰ੍ਹਾਂ ਛੱਡ ਦੇਣਾ ਚਾਹੀਦਾ ਹੈ। ਜਿਨਸੀ ਤੌਰ ‘ਤੇ ਸ਼ੁੱਧ ਬੀਜ ਤਿਆਰ ਕਰਨ ਲਈ ਮਾੜੇ ਅਤੇ ਜਿਨਸੀ ਤੌਰ ‘ਤੇ ਅਸ਼ੁੱਧ ਪੌਦੇ, ਸਾਰੀ ਫ਼ਸਲ ਦੇ ਦੌਰਾਨ ਤਿੰਨ ਵਾਰੀ, ਪਨੀਰੀ ਬੀਜਣ ਤੋਂ ਬਾਅਦ, ਫੁੱਲ ਪੈਣ ਵੇਲੇ ਅਤੇ ਗੁੱਟ ਬਣਨ ਵੇਲੇ ਖੇਤ ਵਿੱਚੋਂ ਪੁੱਟ ਦੇਣੇ ਚਾਹੀਦੇ ਹਨ। ਸ਼ੁੱਧ ਬੀਜ ਲਈ ਖੇਤ ਤੋਂ ਖੇਤ ਦਾ ਫ਼ਾਸਲਾ 1600 ਮੀਟਰ ਹੋਣਾ ਚਾਹੀਦਾ ਹੈ। ਜਦੋਂ ਫ਼ਲੀਆਂ ਪੱਕ ਕੇ ਨਸਵਾਰੀ ਰੰਗ ਦੀਆਂ ਹੋ ਜਾਣ ਤਾਂ ਉਨ੍ਹਾਂ ਨੂੰ ਦੋ ਜਾਂ ਤਿੰਨ ਵਾਰੀ ਤੋੜ ਕੇ ਬੀਜ ਕੱਢ ਕੇ ਸਾਫ਼ ਕਰ ਲੈਣੇ ਚਾਹੀਦੇ ਹਨ।

Share this Article
Leave a comment