ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਦੀ ਆਰਥਿਕ ਅਪਰਾਧ ਬ੍ਰਾਂਚ ਨੇ ਪਟਿਆਲਾ ਹਾਊਸ ਕੋਰਟ ’ਚ ਦੱਸਿਆ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਦੇ ਖ਼ਿਲਾਫ਼ ਦਿੱਲੀ ਗੁਰਦੁਆਰਾ ਮੈਨੇਮਜਮੈਂਟ ਕਮੇਟੀ ਦੇ ਜਨਰਲ ਸਕੱਤਰ ਰਹਿੰਦਿਆਂ ਫੰਡਾਂ ਦੀ 65 ਲੱਖ ਰੁਪਏ ਦੀ ਹੇਰਾਫੇਰੀ ਦਾ ਦੋਸ਼ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੀ ਵਿਦੇਸ਼ ਯਾਤਰਾ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਅਦਾਲਤ ਵਲੋਂ ਦਿੱਲੀ ਪੁਲਿਸ ਨੂੰ ਦਿੱਤੀ ਇਸ ਹਦਾਇਤ ’ਤੇ ਕੀਤੀ ਗਈ ਹੈ ਕਿ ਉਹ ਯਕੀਨੀ ਬਣਾਏ ਕਿ ਸਿਰਸਾ ਵਿਦੇਸ਼ ਨਾ ਜਾਣ। ਜਨਵਰੀ ਮਹੀਨੇ ’ਚ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਬ੍ਰਾਂਚ ’ਚ ਮਨਜਿੰਦਰ ਸਿੰਘ ਸਿਰਸਾ ਸਮੇਤ ਕੁਝ ਹੋਰ ਮੁਲਜ਼ਮਾਂ ਖ਼ਿਲਾਫ਼ ਇਕ ਸ਼ਿਕਾਇਤ ਦਰਜ ਹੋਈ ਸੀ।
9 ਜੁਲਾਈ ਨੂੰ ਸ਼ਿਕਾਇਤਕਰਤਾ ਦੇ ਵਕੀਲ ਸੰਜੇ ਅਬੋਟ ਨੇ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਡਾ. ਪੰਕਜ ਸ਼ਰਮਾ ਨੂੰ ਦੱਸਿਆ ਸੀ ਕਿ ਸਿਰਸਾ ਪਹਿਲਾਂ ਹੀ ਆਪਣੀ ਜਾਇਦਾਦ ਵੇਚ ਚੁੱਕੇ ਹਨ ਅਤੇ ਫਲਾਈਟ ਦੁਬਾਰਾ ਸ਼ੁਰੂ ਹੁੰਦੇ ਹੀ ਉਹ ਛੇਤੀ ਹੀ ਵਿਦੇਸ਼ ਚਲੇ ਜਾਣਗੇ।