ਪੀ.ਏ.ਯੂ. ਨੇ ਜਨਤਾ ਮਾਡਲ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਇੱਕ ਹੋਰ ਸੰਧੀ ‘ਤੇ ਸਹੀ ਪਾਈ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ) : ਪੀ.ਏ.ਯੂ. ਨੇ ਅੱਜ ਕਨਕ ਸੋਲਰ ਕੰਪਨੀ, ਬੀ-334-ਸੀ, ਨਿਊ ਅਸ਼ੋਕ ਨਗਰ ਨਾਲ ਪੱਕੇ ਗੁੰਬਦ ਵਾਲੇ ਪੀ.ਏ.ਯੂ. ਜਨਤਾ ਮਾਡਲ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਇੱਕ ਸਮਝੌਤਾ ਕੀਤਾ। ਇਸ ਤਕਨੀਕ ਨਾਲ ਬਣਾਇਆ ਬਾਇਓਗੈਸ ਪਲਾਂਟ ਹਰ ਰੋਜ਼ 25 ਮੀਟਰਿਕ ਕਿਊਬ ਤੋਂ ਲੈ ਕੇ 500 ਮੀਟਰਿਕ ਕਿਊਬ ਪ੍ਰਤੀ ਦਿਨ ਤੱਕ ਗੈਸ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮ ਦੇ ਨੁਮਾਇੰਦੇ ਨੇ ਇਸ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ। ਇਸ ਸਮਝੌਤੇ ਮੁਤਾਬਿਕ ਇਸ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਵਪਾਰੀਕਰਨ ਦੇ ਅਧਿਕਾਰ ਸੰਬੰਧਿਤ ਫਰਮ ਕੋਲ ਹੋਣਗੇ।

ਇਸ ਮੌਕੇ ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ, ਖੇਤੀਬਾੜੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਅਤੇ ਡਾ. ਸਰਬਜੀਤ ਸਿੰਘ ਸੂਚ ਨੂੰ ਇਸ ਤਕਨੀਕ ਦੇ ਵਿਕਾਸ ਲਈ ਵਧਾਈ ਦਿੱਤੀ।

ਵਧੀਕ ਨਿਰਦੇਸ਼ਕ ਖੋਜ ਬਾਗਬਾਨੀ ਫਾਰਮ ਮਸ਼ੀਨਰੀ ਅਤੇ ਬਾਇਓ ਊਰਜਾ ਡਾ. ਗੁਰਸਾਹਿਬ ਸਿੰਘ ਮਨੇਸ ਅਤੇ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਅਮਰਜੀਤ ਕੌਰ ਨੇ ਡਾ. ਰਾਜਨ ਅਗਰਵਾਲ ਅਤੇ ਉਹਨਾਂ ਦੀ ਟੀਮ ਨੂੰ ਇਹ ਤਕਨੀਕ ਵਿਕਸਿਤ ਕਰਨ ਲਈ ਵਧਾਈ ਦੇ ਸ਼ਬਦ ਕਹੇ ।

ਡਾ. ਰਾਜਨ ਅਗਰਵਾਲ ਨੇ ਇਸ ਤਕਨੀਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਧੀ ਰਾਹੀਂ ਗੈਸ ਬਨਾਉਣ ਲਈ ਪਸ਼ੂਆਂ ਦਾ ਗੋਹਾ ਅਤੇ ਪੋਲਟਰੀ ਫਾਰਮ ਦੀ ਰਹਿੰਦ-ਖੂੰਹਦ ਦੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਤਰਾਂ ਨਾ ਸਿਰਫ ਬਿਹਤਰ ਮਿਆਰ ਦੀ ਖਾਣਾ ਬਨਾਉਣ ਵਾਲੀ ਗੈਸ ਬਲਕਿ ਊਰਜਾ ਵੀ ਪੈਦਾ ਕੀਤੀ ਜਾ ਸਕਦੀ ਹੈ । ਉਹਨਾਂ ਕਿਹਾ ਕਿ ਖਾਣਾ ਬਨਾਉਣ ਵਾਲੀ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਇਸ ਵਿਧੀ ਰਾਹੀਂ ਪੇਂਡੂ ਖੇਤਰਾਂ ਨੂੰ ਮਿਆਰੀ ਬਦਲ ਦਿੱਤਾ ਜਾ ਰਿਹਾ ਹੈ ।

ਡਾ. ਐੱਸ ਐੱਸ ਸੂਚ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤਰਾਂ ਦੇ ਪਲਾਂਟ ਦੀ ਉਸਾਰੀ ਇੱਟਾਂ ਨਾਲ ਕੀਤੀ ਜਾ ਸਕਦੀ ਹੈ । ਇਹ ਢਾਂਚਾ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵਰਤੋਂ ਲਈ ਢੁੱਕਵਾਂ ਹੈ। ਇਸ ਤਰਾਂ ਬਣਾਏ ਬਾਇਓਗੈਸ ਪਲਾਂਟ ਦਾ ਖਰਚਾ ਰਵਾਇਤੀ ਪਲਾਂਟਾਂ ਦੇ ਮੁਕਾਬਲੇ ਕਾਫੀ ਘੱਟ ਹੈ ਅਤੇ ਇਸ ਦੀ ਮੁਰੰਮਤ ਉੱਪਰ ਖਰਚ ਵੀ ਘੱਟ ਆਉਂਦਾ ਹੈ । ਇਸ ਪਲਾਂਟ ਦੀ ਮਿਆਦ ਵੀ ਤਕਰੀਬਨ 25 ਸਾਲ ਹੈ ਅਤੇ ਇਹ ਸਾਰਾ ਢਾਂਚਾ ਜ਼ਮੀਨ ਹੇਠ ਹੁੰਦਾ ਹੈ।

ਇਸ ਮੌਕੇ ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਡਾ. ਊਸ਼ਾ ਨਾਰਾ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 64 ਤਕਨੀਕਾਂ ਦੇ ਪਸਾਰ ਲਈ 260 ਸੰਧੀਆਂ ਕੀਤੀਆਂ ਹਨ ।

Share This Article
Leave a Comment