ਮੋਗਾ : ਮੋਗਾ ਨੇੜ੍ਹੇ ਤੜਕਸਾਰ ਹੋਏ ਸੜਕ ਹਾਦਸੇ ਵਿੱਚ ਜਾਨਾਂ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਦੀ ਮਦਦ ਲਈ ਬਾਲੀਵੁੱਡ ਅਦਾਕਾਰ ਸੋਨੂ ਸੂਦ ਸਾਹਮਣੇ ਆਏ ਹਨ। ਸੋਨੂ ਸੂਦ ਨੇ ਆਪਣੀ ਭੈਣ ਦੇ ਨਾਲ ਹਸਪਤਾਲ ਜਾ ਕੇ ਜ਼ਖ਼ਮੀ ਮਰੀਜ਼ਾਂ ਦਾ ਹਾਲ ਜਾਣਿਆ। ਪੀੜਤਾਂ ਪ੍ਰਤੀ ਦੁੱਖ ਜ਼ਾਹਰ ਕਰਦੇ ਹੋਏ ਸੋਨੂੰ ਸੂਦ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਅਤੇ ਜ਼ਖਮੀਆਂ ਲਈ 25-25 ਹਜ਼ਾਰ ਰੁਪਏ ਦੀ ਆਰਥਿਕ ਮਦਦ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਇਸ ਸੜਕ ਹਾਦਸੇ ਵਿੱਚ ਪੀੜਤਾਂ ਦੇ ਮੋਬਾਇਲ ਫੋਨ ਵੀ ਗਵਾਚ ਗਏ ਸਨ ਜਿਸ ਤੋਂ ਬਾਅਦ ਸੋਨੂੰ ਸੂਦ ਨੇ ਪੀੜਤਾਂ ਨੂੰ ਮੋਬਾਇਲ ਫੋਨ ਦੇਣ ਦਾ ਵੀ ਐਲਾਨ ਕੀਤਾ।
ਪੰਜਾਬ ਸਰਕਾਰ ਨੇ ਵੀ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਹੱਥ ਵਧਾਇਆ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਆਰਥਿਕ ਮਦਦ ਅਤੇ ਜ਼ਖ਼ਮੀਆਂ ਲਈ 50 -50 ਹਜ਼ਾਰ ਰੁਪਏ ਮਦਦ ਦੇਣ ਦਾ ਭਰੋਸਾ ਦਿੱਤਾ।
ਅੱਜ ਸਵੇਰੇ 7 ਵਜੇ ਦੇ ਕਰੀਬ ਮੋਗਾ ਤੋਂ ਕਾਂਗਰਸੀ ਵਰਕਰਾਂ ਦੀ ਬੱਸ ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਰਸਤੇ ਵਿਚ ਵਰਕਰਾਂ ਦੀ ਬੱਸ ਦੀ ਪੰਜਾਬ ਰੋਡਵੇਜ਼ ਬੱਸ ਨਾਲ ਜ਼ਬਰਦਸਤ ਟੱਕਰ ਹੋ ਗਈ ਸੀ। ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 40 ਲੋਕ ਜ਼ਖਮੀ ਹੋਏ ਸਨ। ਇਹ ਸਭ ਚੰਡੀਗੜ੍ਹ ਵਿਖੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੇ ਸਮਾਗਮ ‘ਚ ਸ਼ਮੂਲੀਅਤ ਕਰਨ ਲਈ ਜਾ ਰਹੇ ਸਨ।