ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪੂਰਾ ਦਿਨ ਕਾਂਗਰਸੀ ਵਿਧਾਇਕਾਂ, ਮੰਤਰੀਆਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਨ ਵਿਚ ਬਤੀਤ ਕੀਤਾ। ਨਵਜੋਤ ਸਿੱਧੂ ਜਿੱਥੇ ਵੀ ਗਏ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਹੋਇਆ।
ਸੋਮਵਾਰ ਸਵੇਰੇ ਹੀ ਨਵਜੋਤ ਸਿੱਧੂ ਦੇ ਨਿਵਾਸ ਵਿਖੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਧਾਇਕ ਕੁਲਬੀਰ ਜ਼ੀਰਾ ਨੇ ਗੁਲਦਸਤੇ ਭੇਂਟ ਕਰ ਕੇ ਉਨ੍ਹਾਂ ਨੂੰ ਪ੍ਰਧਾਨ ਬਣਨ ਦੀ ਵਧਾਈ ਦਿੱਤੀ ।
ਚੰਡੀਗੜ੍ਹ ਵਿਖੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ।
ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਢਿੱਲੋਂ ਵੀ ਸਿੱਧੂ ਨੂੰ ਮੁਬਾਰਕਵਾਦ ਦੇਣ ਪਹੁੰਚੇ।
ਪੀ ਪੀ ਸੀ ਸੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੇ ਘਰ ਪਹੁੰਚੇ ਨਵਜੋਤ ਸਿੰਘ ਸਿੱਧੂ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਹੋਇਆ।
ਨਵਜੋਤ ਸਿੰਘ ਸਿੱਧੂ ਅਮਲੋਹ ਤੋਂ ਵਿਧਾਇਕ ਕਾਕਾ ਰਣਦੀਪ ਸਿੰਘ ਨਾਲ ਮੁਲਾਕਾਤ ਕਰਨ ਪੁੱਜੇ।
ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮਿਲਣ ਪਹੁੰਚੇ ਤਾਂ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਉੱਥੇ ਮੌਜੂਦ ਸਨ।
ਨਵਜੋਤ ਸਿੱਧੂ ਵਿਧਾਇਕ ਪਰਮਿੰਦਰ ਪਿੰਕੀ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੇ।
ਸਭ ਤੋਂ ਵੱਧ ਸਮਾਂ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ਤੇ ਬਤੀਤ ਕੀਤਾ । ਇੱਥੇ ਵੱਡੀ ਗਿਣਤੀ ਕਾਂਗਰਸੀ ਵਿਧਾਇਕਾਂ ਨੇ ਸਿੱਧੂ ਨੂੰ ਪ੍ਰਧਾਨ ਬਣਨ ਦੀ ਵਧਾਈ ਦਿੱਤੀ।
ਸਿੱਧੂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਤੋਂ ਆਸ਼ੀਰਵਾਦ ਲੈਣ ਉਨ੍ਹਾਂ ਦੇ ਘਰ ਪੁੱਜੇ ਤਾਂ ਭੱਠਲ ਨੇ ਕਿਹਾ ਨਵਜੋਤ ਸਿੱਧੂ ਮਿਲੀ ਜ਼ਿੰਮੇਵਾਰੀ ਨੂੰ ਸਾਡੇ ਤੋਂ ਵੀ ਵਧੀਆ ਤਰੀਕੇ ਨਾਲ ਨਿਭਾਉਣਗੇ।
ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਅਤੇ ਵਿਧਾਇਕ ਰਮਿੰਦਰ ਆਮਲਾ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਮੁਬਾਰਕਬਾਦ ਦਿੱਤੀ।
ਵਿਧਾਇਕ ਹਰਮਿੰਦਰ ਗਿੱਲ ਤੇ ਨਵਤੇਜ ਸਿੰਘ ਚੀਮਾ ਨੇ ਵੀ ਨਵਜੋਤ ਸਿੱਧੂ ਦਾ ਸੁਆਗਤ ਕੀਤਾ ।
ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ।
ਸੋਮਵਾਰ ਦਾ ਦਿਨ ਸਿੱਧੂ ਲਈ ਖਾਸੀ ਭੱਜ-ਦੌੜ ਦਾ ਰਿਹਾ । ਸ਼ਾਮ ਤਕ ਨਵਜੋਤ ਸਿੰਘ ਸਿੱਧੂ ਨੇ ਤਕਰੀਬਨ ਚਾਲੀ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਸਮਰਥਨ ਹਾਸਲ ਕੀਤਾ।
ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਖਟਕੜ ਕਲਾਂ ਵਿਖੇ ਸ਼ਹੀਦਾਂ ਨੂੰ ਸਿਜਦਾ ਕਰਨਗੇ । ਪਾਰਟੀ ਪ੍ਰਧਾਨ ਬਣਨ ਉਪਰੰਤ ਸਿੱਧੂ ਸ਼ਹੀਦ ਭਗਤ ਸਿੰਘ ਦੇ ਸਮਾਰਕ ’ਤੇ ਫੁੱਲ ਮਾਲਾਵਾਂ ਭੇਟ ਕਰਨਗੇ ।