-ਜਗਤਾਰ ਸਿੰਘ ਸਿੱਧੂ (ਐਡੀਟਰ);
ਪੰਜਾਬ ਦੀ ਹਾਕਮ ਧਿਰ ਦਾ ਅੰਦਰੂਨੀ ਕਲੇਸ਼ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਅਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਆਪਸੀ ਮਤਭੇਦ ਦੂਰ ਕਰਕੇ ਇਕ ਪਲੇਟਫਾਰਮ ‘ਤੇ ਲਿਆਉਣ ਵਾਲਾ ਕਾਂਗਰਸ ਪਾਰਟੀ ਦਾ ਫਾਰਮੂਲਾ ਸਾਹਮਣੇ ਨਹੀਂ ਆਇਆ ਪਰ ਵਿੱਤ ਮੰਤਰੀ ਮਨਜੀਤ ਸਿੰਘ ਬਾਦਲ ਉੱਤੇ ਅਕਾਲੀਆਂ ਨੂੰ ਖੂਸ਼ ਕਰਨ ਦਾ ਨਵਾਂ ਮਾਮਲਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਦੇ ਤੇਜ਼ਤਰਾਰ ਵਿਧਾਇਕ ਰਾਜਾ ਵੜਿੰਗ ਦੇ ਬਿਆਨ ਨਾਲ ਸਾਹਮਣੇ ਆ ਗਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਦ ਮੰਤਰੀ ਮੰਡਲ ਦੇ ਅਹਿਮ ਮੰਤਰੀ ਮਨਪ੍ਰੀਤ ਬਾਦਲ ਉੱਤੇ ਕਾਂਗਰਸ ਨਾਲ ਦੋਸਤਾਨਾ ਮੈਚ ਦੇ ਦੋਸ਼ ਕਾਂਗਰਸ ਦੇ ਹੀ ਨੇਤਾ ਵੜਿੰਗ ਨੇ ਲਾਏ ਹਨ। ਅਕਾਲੀ ਦਲ ਦੇ ਨੇਤਾ ਚਰਨਜੀਤ ਸਿੰਘ ਲੋਹਾਰਾ ਨੂੰ ਮਨਪ੍ਰੀਤ ਬਾਦਲ ਵਲੋਂ ਵਿਕਾਸ ਚੈਕ ਦਿਤਾ ਗਿਆ ਹੈ ਜਿਸ ਨੂੰ ਲੈ ਕੇ ਰਾਜਾ ਵੜਿੰਗ ਨੇ ਕਾਂਗਰਸ ਦੇ ਕੌਮੀ ਨੇਤਾ ਰਾਹੁਲ ਗਾਂਧੀ ਕੋਲੋਂ ਮਨਪ੍ਰੀਤ ਬਾਦਲ ਵਿਰੁਧ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਹੇਠ ਕਾਰਵਾਈ ਦੀ ਮੰਗ ਕੀਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਮਨਪ੍ਰੀਤ ਬਾਦਲ ਨੂੰ ਮੰਤਰੀ ਮੰਡਲ ਤੋਂ ਬਾਹਰ ਕੱਢਿਆ ਜਾਵੇ।
ਵੜਿੰਗ ਵਲੋਂ ਕੀਤੇ ਗਏ ਟਵੀਟ ਨੂੰ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਲੁਧਿਆਣਾ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਵੀ ਅੱਗੇ ਸ਼ੇਅਰ ਕਰ ਦਿੱਤਾ ਹੈ।ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਟਵੀਟ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕਾਂਗਰਸ ਦੀ ਅਕਾਲੀ ਦਲ ਨਾਲ ਕੋਈ ਸਾਂਝ ਨਹੀਂ ਹੋ ਸਕਦੀ ਕਿਉਂ ਜੋ ਅਕਾਲੀ ਦਲਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ। ਅਜਿਹੀ ਸਥਿਤੀ ਵਿਚ ਕਾਂਗਰਸ ਦੀ ਅੰਦਰੂਨੀ ਹਾਲਤ ਦਾ ਅੰਦਾਜ਼ਾ ਲਾਉਣਾ ਕੋਈ ਮੁਸ਼ਕਲ ਨਹੀਂ ਹੈ। ਸੂਬੇ ਦੇ ਵਿੱਤ ਮੰਤਰੀ ਬਾਰੇ ਪਾਰਟੀ ਅੰਦਰ ਇਸ ਤਰ੍ਹਾਂ ਦੇ ਦੋਸ਼ ਲੱਗਣ ਨਾਲ ਪਤਾ ਲੱਗਦਾ ਹੈ ਕਿ ਹਾਕਮ ਧਿਰਾਂ ਅੰਦਰ ਅੰਦਰੂਨੀ ਟਕਰਾਅ ਤੇਜ਼ ਹੋ ਰਿਹਾ ਹੈ। ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਇਕੋ ਖੇਤਰ ਨਾਲ ਸਬੰਧ ਰੱਖਦੇ ਹਨ।
2012 ਦੀਆਂ ਵਿਧਾਨ ਸਭਾ ਚੋਣਾ ਵੇਲੇ ਮਨਪ੍ਰੀਤ ਬਾਦਲ ਨੇ ਹੀ ਰਾਜਾ ਵੜਿੰਗ ਨੂੰ ਗਿੱਦੜਬਾਹਾ ਤੋਂ ਹਰਾਇਆ ਸੀ। ਹੋਰ ਵੀ ਇਸ ਮਾਮਲੇ ਨੂੰ ਡੂੰਘਾਈ ਨਾਲ ਵੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਮਨਪ੍ਰੀਤ ਬਾਦਲ ਨੇ ਵਿਧਾਇਕ ਵਲੋਂ ਆਪਣੇ ਰਾਜਸੀ ਕਰੀਅਰ ਦੀ ਸ਼ੁਰੂਆਤ ਹੀ ਗਿੱਦੜਬਾਹਾ ਤੋਂ ਕੀਤੀ ਸੀ। ਖੜਕੂਵਾਦ ਦਾ ਦੌਰ ਸੀ ਅਤੇ ਅਕਾਲੀ ਦਲ ਮਾਰੇ ਮਾਰੇ ਫਿਰਦੇ ਸੀ। ਬੇਅਤ ਸਿੰਘ ਮੁੱਖ ਮੰਤਰੀ ਸਨ। ਗਿੱਦੜਬਾਹਾ ਦੀ ਉਪ ਚੋਣ ਆ ਗਈ ਤਾਂ ਅਕਲਾੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਹੀ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਲੜਨ ਲਈ ਮਨਾਇਆ ਸੀ। ਬਹੁਤ ਫਸਵੀਂ ਟੱਕਰ ਤੋਂ ਬਾਅਦ ਮਨਪ੍ਰੀਤ ਬਾਦਲ ਜਿੱਤ ਗਿਆ ਤਾਂ ਕਹਿੰਦੇ ਨੇ ਕਿ ਬੇਅਤ ਸਿੰਘ ਨੇ ਕਾਂਗਰਸ ਦੇ ਹਲਕੇ ਵਿਚ ਜਿੰਮੇਵਾਰ ਆਗੂਆਂ ਲਈ ਗਾਲਾਂ ਦਾ ਮੀਂਹ ਵਰ੍ਹਾਂ ਦਿੱਤਾ ਸੀ। ਹੁਣ ਇਸੇ ਹਲਕੇ ਤੋਂ ਵੜਿੰਗ ਵਿਧਾਇਕ ਹੈ ਅਤੇ ਮਨਪ੍ਰੀਤ ਬਾਦਲ ਬਠਿੰਡਾ ਤੋਂ ਵਿਧਾਇਕ ਹੈ।
ਉਂਜ ਕਾਂਗਰਸ ਅੰਦਰ ਇਹ ਸਥਿਤੀ ਪਹਿਲੀ ਵਾਰ ਨਹੀਂ ਬਣੀ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਲਗਾਤਾਰ ਮੁੱਖ ਮੰਤਰੀ ਵਿਰੁੱਧ ਬਾਦਲਾਂ ਨਾਲ ਸਾਂਝ ਦੇ ਛਿੱਕੇ ਮਾਰਦਾ ਆ ਰਿਹਾ ਹੈ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸ਼ਿੰਘ ਦੂਲੋਂ ਕੈਪਟਨ ਅਮਰਿੰਦਰ ਵਿਰੁਧ ਲਗਾਤਾਰ ਬੋਲਦੇ ਰਹੇ ਹਨ। ਕਾਂਗਰਸ ਹਾਈ ਕਮਾਂਡ ਨੇ ਇਨ੍ਹਾਂ ਬਾਰੇ ਆਗੂਆਂ ਨਾਲ ਮੁਲਤਕਾਤਾਂ ਕੀਤੀਆ ਹਨ। ਕਾਂਗਰਸ ਦੀ ਲੀਡਰਸ਼ਿਪ ਲਈ ਇਹ ਫੈਸਲਾ ਲੈਣ ਦੀ ਘੜੀ ਹੈ ਕਿ ਪਾਰਟੀ ਨੂੰ ਕਿਵੇਂ ਅਨੁਸ਼ਾਸ਼ਨ ਵਿਚ ਚਲਾਉਣਾ ਹੈ।
ਰਾਜਸੀ ਤੌਰ ‘ਤੇ ਵੇਖਿਆ ਜਾਵੇ ਇਹ ਸਵਾਲ ਉਠਦਾ ਹੈ ਕਿ ਕੀ ਸੱਚਮੁੱਚ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਦੀ ਬਾਦਲ ਪਰਿਵਾਰ ਨਾਲ ਨੇੜਤਾ ਹੋ ਗਈ ਹੈ? ਸਿੱਧੂ ਵਲੋਂ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਦੇ ਲਈ ਸਿੱਧੇ ਤੌਰ ‘ਤੇ ਬਾਦਲਾਂ ਨੂੰ ਲਗਾਤਾਰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਅਤੇ ਇਹ ਧਾਰਨਾ ਕੈਪਟਨ ਅਤੇ ਬਾਦਲਾਂ ਲਈ ਪ੍ਰੇਸ਼ਾਨੀ ਦਾ ਵੱਡਾ ਰਾਜਸੀ ਕਾਰਨ ਬਣ ਗਈ ਹੈ। ਹੁਣ ਵਿੱਤ ਮੰਤਰੀ ਮਨਪ੍ਰੀਤ ਬਾਦਲ ਉੱਪਰ ਬਾਦਲਾਂ ਨਾਲ ਨੇੜਤਾ ਦਾ ਦੋਸ਼ ਲੱਗ ਰਿਹਾ ਹੈ। ਜੇਕਰ ਅਜਿਹੇ ਦੋਸ਼ ਪਾਰਟੀ ਅੰਦਰ ਕੁਝ ਆਗੂਆਂ ਵੱਲੋ ਆਪਣੇ ਵਿਰੋਧੀਆਂ ਦੀ ਸਥਿਤੀ ਕਮਜ਼ੋਰ ਕਰਨ ਲਈ ਹੀ ਲਾਏ ਜਾ ਰਹੇ ਹਨ ਤਾਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਜਿਹੇ ਦੋਸ਼ਾਂ ਵਾਲੇ ਆਗੂਆਂ ਦੀ ਸਥਿਤੀ ਕਮਜ਼ੋਰ ਹੁੰਦੀ ਹੈ ਕਿ ਨਹੀਂ ਪਰ ਜੇ ਕਾਂਗਰਸ ਅੰਦਰ ਇਹ ਗੱਤਕਾ ਖੇਡ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਪੰਜਾਬ ਕਾਂਗਰਸ ਨੂੰ ਕਮਜ਼ੋਰ ਕਰਨ ਲਈ ਵਿਰੋਧੀ ਧਿਰਾਂ ਦੀ ਜ਼ਰੂਰਤ ਨਹੀਂ ਰਹੇਗੀ।
ਸੰਪਰਕ-981402186