ਗੜ੍ਹਸ਼ੰਕਰ: ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਪਿੰਡ ਪਾਲਦੀ ਵਿਖੇ ਇਕ ਵਿਅਕਤੀ ਦੇ ਪਸ਼ੂਆਂ ਦੇ ਵਾੜੇ ‘ਚ ਬੰਨ੍ਹੀਆਂ ਦੋ ਤਾਜ਼ੀਆਂ ਸੂਈਆਂ ਗਾਵਾਂ ਦਾ ਅਣਪਛਾਤੇ ਵਿਅਕਤੀਆਂ ਨੇ ਗਊਆਂ ਦਾ ਪਿੱਛਿਓਂ ਪਿਸ਼ਾਬ ਅਤੇ ਮਲਮੂਤਰ ਕਰਨ ਵਾਲੀਆਂ ਥਾਵਾਂ ਵੱਢ ਕੇ ਕਤਲ ਕਰ ਦਿੱਤਾ। ਮਾਮਲੇ ਦਾ ਉਸ ਸਮੇ ਪਤਾ ਲੱਗਾ ਜਦੋ ਪਸ਼ੂਆਂ ਦਾ ਮਾਲਕ ਸਵੇਰੇ ਪੱਠੇ ਪਾਉਣ ਲਈ ਪਹੁੰਚਿਆਂ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਸ਼ੂਆਂ ਦੇ ਮਾਲਕ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਪਸ਼ੂਆਂ ਦਾ ਕੰਮ ਖਤਮ ਕਰਕੇ ਘਰ ਚਲੇ ਗਏ। ਉਹਨਾਂ ਦੱਸਿਆ ਕਿ ਜਦੋ ਉਹ ਸਵੇਰੇ ਦੁੱਧ ਚੋਣ ਆਏ ਤਾਂ ਉਹਨਾਂ ਦੀਆਂ ਦੋ ਤਾਜ਼ੀਆਂ ਸੂਈਆਂ ਗਾਵਾਂ ਬੇਹੋਸ਼ੀ ਦੀ ਹਾਲਤ ‘ਚ ਪਈਆਂ ਸਨ ਅਤੇ ਉਹਨਾਂ ਦੇ ਪਿਛਵਾੜੇ ਤੋਂ ਖੂਨ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇੜੇ ਹੋ ਕੇ ਦੇਖਿਆ ਤਾਂ ਗਾਵਾਂ ਦਾ ਪਿਛਵਾੜੇ ਤੋਂ ਅਣਪਛਾਤੇ ਵਿਅਕਤੀਆ ਨੇ ਤੇਜ਼ਧਾਰ ਹਥਿਆਰਾਂ ਨਾਲ ਗੁਪਤ ਅੰਗਾਂ ਨੂੰ ਵੱਢ ਦਿੱਤਾ ਸੀ। ਜਿਸ ਕਾਰਨ ਜ਼ਿਆਦਾ ਖੂਨ ਵਗਣ ਕਰਕੇ ਗਾਵਾਂ ਦੀ ਮੌਤ ਹੋ ਚੁੱਕੀ ਸੀ।
ਉਹਨਾਂ ਦੱਸਿਆ ਕਿ ਉਸ ਦਾ 80 ਹਜ਼ਾਰ ਦਾ ਨੁਕਸਾਨ ਹੋ ਗਿਆ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਬਜਰੰਗ ਦਲ ਹਿੰਦੋਸਤਾਨ ਦੇ ਪ੍ਰਧਾਨ ਜਤਿੰਦਰ ਕੁਮਾਰ ਚੱਗਰ ਨੇ ਮੰਗ ਕੀਤੀ ਹੈ ਕੇ ਜੇਕਰ ਪੁਲਿਸ ਨੇ ਦੋਸ਼ੀਆਂ ਨੂੰ ਤੁਰੰਤ ਕਾਬੂ ਨਾ ਕੀਤਾ ਤਾਂ ਉਹ ਸੰਘਰਸ਼ ਸ਼ੁਰੂ ਕਰਨਗੇ। ਉਹਨਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ।