ਜੰਮੂ : ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਰਾਣੀਪੋਰਾ ਇਲਾਕੇ ਦੇ ਕਵਾਰੀਗਾਮ ’ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ ਹੈ। ਸੁਰੱਖਿਆ ਬਲਾਂ ਨੂੰ ਤਿੰਨ ਅੱਤਵਾਦੀਆਂ ਨੂੰ ਢੇਰ ਕਰਨ ’ਚ ਸਫ਼ਲਤਾ ਹਾਸਿਲ ਹੋਈ ਹੈ। ਦੋਵਾਂ ਪਾਸਿਆਂ ਵੱਲੋਂ ਫਾਇਰਿੰਗ ਹਾਲੇ ਵੀ ਜਾਰੀ ਹੈ। ਇਸ ਮੁਕਾਬਲੇ ’ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦਾ ਜ਼ਿਲ੍ਹਾ ਕਮਾਂਡਰ ਆਰਿਫ ਅਹਿਮਦ ਹਜੱਮ ਜੋ ਸਦੂਰਾ ਦਾ ਰਹਿਣ ਵਾਲਾ ਹੈ, ਮਾਰਿਆ ਗਿਆ ਜਦਕਿ ਮਾਰੇ ਗਏ ਦੋ ਹੋਰ ਅੱਤਵਾਦੀ ਦੀ ਹਾਲੇ ਤਕ ਪਛਾਣ ਨਹੀਂ ਹੋ ਪਾਈ ਹੈ।
ਜਾਣਕਾਰੀ ਅਨੁਸਾਰ, ਅੱਜ ਭਾਵ ਸ਼ਨੀਵਾਰ ਨੂੰ ਅਨੰਤਨਾਗ ਜ਼ਿਲ੍ਹੇ ਦੇ ਕਵਾਰੀਗਾਮ ਇਲਾਕੇ ’ਚ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ। ਇਸਤੋਂ ਬਾਅਦ ਸੁਰੱਖਿਆ ਬਲਾਂ ਨੇ ਪੁਲਿਸ, ਸੈਨਾ ਦੀ 19 ਰਾਸ਼ਟਰੀ ਰਾਈਫਲ ਅਤੇ ਸੀਆਰਪੀਐੱਫ ਦੇ ਨਾਲ ਇਕ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਇਕ ਥਾਂ ’ਤੇ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਅਜਿਹੇ ’ਚ ਸੁਰੱਖਿਆ ਬਲਾਂ ਨੇ ਸਭ ਤੋਂ ਪਹਿਲਾਂ ਅੱਤਵਾਦੀਆਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਅੱਤਵਾਦੀਆਂ ਨੇ ਇਸਨੂੰ ਅਣਸੁਣਿਆ ਕਰ ਕੇ ਫਾਇਰਿੰਗ ਜਾਰੀ ਰੱਖੀ। ਇਸਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਇਸ ’ਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਇੱਕ ਹੋਰ ਅੱਤਵਾਦੀ ਬਾਅਦ ਵਿੱਚ ਹੋਏ ਮੁਕਾਬਲੇ ਦੌਰਾਨ ਮਾਰਿਆ ਗਿਆ। ਫਿਲਹਾਲ ਹਾਲੇ ਵੀ ਖੇਤਰ ’ਚ ਤਲਾਸ਼ੀ ਮੁਹਿੰਮ ਜਾਰੀ ਹੈ।