ਚੰਡੀਗੜ੍ਹ : ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਤੇ ਉਨ੍ਹਾਂ ਦੀ ਭੈਣ ਅਲਵੀਰਾ ਦੀ ਕੰਪਨੀ ‘Being Human’ ਖ਼ਿਲਾਫ਼ ਸ਼ਿਕਾਇਤ ਗਈ ਹੈ। ਚੰਡੀਗੜ੍ਹ ਦੇ ਮਨੀਮਾਜਰਾ ‘ਚ ਰਹਿਣ ਵਾਲੇ ਇੱਕ ਵਪਾਰੀ ਨੇ ਇਨ੍ਹਾਂ ਖ਼ਿਲਾਫ਼ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਵਪਾਰੀ ਦਾ ਦੋਸ਼ ਹੈ ਕਿ ਸ਼ੋਅਰੂਮ ਖੋਲ੍ਹਣ ਤੋਂ ਬਾਅਦ ਕੰਪਨੀ ਦਿੱਲੀ ਤੋਂ ਸਾਮਾਨ ਨਹੀਂ ਭੇਜ ਰਹੀ ਤੇ ਕੰਪਨੀ ਦੀ ਵੈੱਬਸਾਈਟ ਵੀ ਬੰਦ ਹੈ।
ਹੁਣ ਵਪਾਰੀ ਨੇ ਸਲਮਾਨ ਖ਼ਾਨ, ਉਸ ਦੀ ਭੈਣ ਅਲਵੀਰਾ ਖ਼ਾਨ ਤੇ ਬੀਂਗ ਹਿਊਮਨ ਦੇ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਕੀਤੀ ਹੈ। ਪੁਲਿਸ ਨੇ ਸਲਮਾਨ ਖ਼ਾਨ, ਅਲਵੀਰਾ ਖ਼ਾਨ ਤੇ ਬੀਂਗ ਹਿਊਮਨ ਦੇ ਸੀ. ਈ. ਓ. ਸਣੇ 7 ਲੋਕਾਂ ਨੂੰ ਸੰਮਨ ਭੇਜ ਕੇ ਜਵਾਬ ਮੰਗਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਵਪਾਰੀ ਅਰੁਣ ਗੁਪਤਾ ਨੇ ਦੱਸਿਆ ਕਿ ਸਲਮਾਨ ਖ਼ਾਨ ਦੇ ਕਹਿਣ ’ਤੇ ਉਸ ਨੇ ਮਨੀਮਾਜਰਾ ਦੇ ਐੱਨ. ਏ. ਸੀ. ਏਰੀਆ ’ਚ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ‘Being Human Jewellery’ ਦਾ ਸ਼ੋਅਰੂਮ ਖੋਲ੍ਹਿਆ ਸੀ। ਸ਼ੋਅਰੂਮ ਖੁੱਲ੍ਹਵਾਉਣ ਲਈ ਕੰਪਨੀ ਨਾਲ ਐਗਰੀਮੈਂਟ ਵੀ ਕੀਤਾ। ਇਨ੍ਹਾਂ ਨੇ ਸ਼ੋਅਰੂਮ ਤਾਂ ਖੁੱਲ੍ਹਵਾ ਲਿਆ ਪਰ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਨਹੀਂ ਕੀਤੀ। ਬੀਂਗ ਹਿਊਮਨ ਦੀ ਜਿਊਲਰੀ ਜਿਸ ਸਟੋਰ ਤੋਂ ਉਨ੍ਹਾਂ ਨੂੰ ਦੇਣ ਲਈ ਕਿਹਾ ਗਿਆ ਸੀ, ਉਹ ਬੰਦ ਪਿਆ ਹੈ ਤੇ ਇਸ ਕਾਰਨ ਉਨ੍ਹਾਂ ਨੂੰ ਸਾਮਾਨ ਵੀ ਨਹੀਂ ਮਿਲ ਰਿਹਾ ਹੈ।