ਪੰਜਾਬ ਪੁਲਿਸ ਨੇ ਵੱਡੀ ਡਰੱਗ ਸਪਲਾਈ ਚੇਨ ਦਾ ਪਰਦਾਫਾਸ਼ ਕਰਦਿਆਂ 4 ਅਫਗਾਨ ਨਾਗਰਿਕਾਂ ਨੂੰ ਕੀਤਾ ਗ੍ਰਿਫਤਾਰ

TeamGlobalPunjab
2 Min Read

ਚੰਡੀਗੜ੍ਹ / ਹੁਸ਼ਿਆਰਪੁਰ : ਪੰਜਾਬ ਪੁਲਿਸ ਨੇ ਐਤਵਾਰ ਨੂੰ ਇਕ ਹੋਰ ਵੱਡੀ ਡਰੱਗ ਸਪਲਾਈ ਚੇਨ ਦਾ ਪਰਦਾਫਾਸ਼ ਕਰਦਿਆਂ ਦੱਖਣੀ ਦਿੱਲੀ ਦੀ ਇੱਕ ਨਿਰਮਾਣ ਯੂਨਿਟ ਤੋਂ ਚਾਰ ਅਫਗਾਨ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਅਤੇ 17 ਕਿਲੋ ਹੈਰੋਇਨ, ਜਿਸਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਵਿੱਚ 90 ਕਰੋੜ ਰੁਪਏ ਦੱਸੀ ਜਾ ਰਹੀ ਹੈ, ਨੂੰ ਜ਼ਬਤ ਕੀਤਾ ਹੈ।

ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜ਼ਬਤੀ ਨਾਲ, ਪੰਜਾਬ ਪੁਲਿਸ ਨੂੰ ਉੱਤਰ ਪ੍ਰਦੇਸ਼ ਵਿੱਚ ਇਸ ਕਾਰੋਬਾਰ ਨਾਲ ਜੁੜੇ ਹੋਰ ਸੰਪਰਕਾਂ ਦੀ ਸੂਹ ਕੱਢ ਲਈ ਹੈ ਅਤੇ ਇਸ ਸਬੰਧ ਵਿੱਚ ਇੱਕ ਟੀਮ ਉੱਥੇ ਭੇਜ ਦਿੱਤੀ ਗਈ ਹੈ ਤਾਂ ਜੋ ਨਸ਼ਿਆਂ ਦੀ ਸਪਲਾਈ ਦੇ ਨੈਟਵਰਕ ਨੂੰ ਤੋੜਿਆ ਜਾ ਸਕੇ।

ਗ੍ਰਿਫਤਾਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਡੀਜੀਪੀ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਮੁਜਾਹਿਦ ਸ਼ਿਨਵਾਰੀ ਵਾਸੀ ਨੰਗਰਹਾਰ, ਅਫਗਾਨਿਸਤਾਨ; ਮੁਹੰਮਦ ਲਾਲ ਕਾਕਰ, ਜਨਾਤ ਗੁਲ ਕਾਕਰ ਅਤੇ ਸਮਿਉੱਲਾ ਅਫਗਾਨ ਤਿੰਨੋਂ ਵਾਸੀ ਕੁੰਡੂ, ਅਫਗਾਨਿਸਤਾਨ ਵਜੋਂ ਹੋਈ ਹੈ। ਹੈਰੋਇਨ ਦੀ ਵੱਡੀ ਬਰਾਮਦਗੀ ਤੋਂ ਇਲਾਵਾ, ਪੁਲਿਸ ਨੇ ਨੈਬ ਸਰਾਏ ਯੂਨਿਟ ਤੋਂ ਨਸ਼ੀਲੇ ਪਦਾਰਥ ਬਣਾਉਣ ਲਈ ਵਰਤੇ ਜਾਂਦੇ ਕਈ ਤਰਾਂ ਦੇ ਕੈਮੀਕਲ ਅਤੇ ਲੈਬ ਉਪਕਰਣ ਵੀ ਬਰਾਮਦ ਕੀਤੇ ਹਨ।

ਇਹ ਗ੍ਰਿਫਤਾਰੀਆਂ ਅਤੇ ਜਬਤੀਆਂ ਐਸਐਸਪੀ ਨਵਜੋਤ ਸਿੰਘ ਮਾਹਲ ਦੀ ਅਗਵਾਈ ਵਾਲੀ ਹਸ਼ਿਆਰਪੁਰ ਪੁਲਿਸ ਦੀ ਟੀਮ ਨੇ ਪ੍ਰਾਪਤ ਹੋਈ ਸੂਹ ਤੇ ਸਿੱਟੇ ਵਜੋਂ ਕੀਤੀਆਂ। ਜ਼ਿਕਰਯੋਗ ਹੈ ਕਿ ਐਸਐਸਪੀ ਮਾਹਲ ਨਸ਼ਿਆਂ ਖਿਲਾਫ ਚੱਲ ਰਹੀ ਲੜਾਈ ਦੇ ਹਿੱਸੇ ਵਜੋਂ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਪਹਿਲਾਂ ਦੀਆਂ ਕੁਝ ਐਫਆਈਆਰਜ ਦੀ ਜਾਂਚ ਕਰ ਰਹੇ ਸਨ।

 

Share This Article
Leave a Comment