ਦੇਹਰਾਦੂਨ : ਭਾਜਪਾ ਸ਼ਾਸਤ ਉੱਤਰਾਖੰਡ ਵਿੱਚ ਸਿਆਸੀ ਘਮਸਾਨ ਜ਼ੋਰ ਫੜ ਚੁੱਕਾ ਹੈ। ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੇ ਦਿੱਲੀ ਤੋਂ ਦੇਹਰਾਦੂਨ ਵਾਪਸ ਆਉਣ ਤੋਂ ਬਾਅਦ ਹਲਚਲ ਤੇਜ਼ ਹੋ ਗਈ ਹੈ।
ਸੂਤਰਾਂ ਅਨੁਸਾਰ ਉਤਰਾਖੰਡ ਦੇ ਸੀਐਮ ਤੀਰਥ ਸਿੰਘ ਰਾਵਤ ਨੇ ਆਪਣਾ ਅਸਤੀਫਾ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਲਿਖਿਆ ਕਿ ‘ਸੰਵਿਧਾਨਕ ਪ੍ਰਕ੍ਰਿਆ ਕਹਿੰਦੀ ਹੈ ਕਿ ਮੁੱਖ ਮੰਤਰੀ ਕਿਸੇ ਵੀ ਸਦਨ ਦਾ ਮੈਂਬਰ ਹੋਣਾ ਚਾਹੀਦਾ ਹੈ ਅਤੇ ਜਦੋਂ ਵਿਧਾਨ ਸਭਾ ਚੋਣਾਂ ਲਈ ਇੱਕ ਸਾਲ ਬਾਕੀ ਰਹਿ ਜਾਂਦਾ ਹੈ, ਤਾਂ ਉਪ ਚੋਣਾਂ ਨਹੀਂ ਹੋ ਸਕਦੀਆਂ, ਇਸ ਲਈ ਮੈਂ ਇਸ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।’
ਉਧਰ ਦੇਹਰਾਦੂਨ ਵਿੱਚ ਭਾਜਪਾ ਵਿਧਾਇਕਾਂ ਨੇ ਇਕੱਠ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਵਿਧਾਨ ਸਭਾ ਪਾਰਟੀ ਦੀ ਇੱਕ ਬੈਠਕ ਅਗਲੇ 24 ਤੋਂ 36 ਘੰਟਿਆਂ ਵਿੱਚ ਹੋ ਸਕਦੀ ਹੈ। ਸੀ ਐਮ ਤੀਰਥ ਰਾਵਤ ਭਲਕੇ ਰਾਜਪਾਲ ਨੂੰ ਮਿਲ ਸਕਦੇ ਹਨ।
ਜ਼ਿਕਰਯੋਗ ਹੈ ਕਿ ਭਾਜਪਾ ਦੇ ਸੰਸਦ ਮੈਂਬਰ ਤੀਰਥ ਸਿੰਘ ਰਾਵਤ ਨੇ ਮਾਰਚ ਮਹੀਨੇ ਵਿੱਚ ਉਤਰਾਖੰਡ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ।