ਮਹਿਲਾਵਾਂ ਅਤੇ ਬੱਚਿਆਂ ਵਿਰੁੱਧ ਜਿਨਸੀ ਸ਼ੋਸ਼ਣ ਦੇ ਅਪਰਾਧ ਰੋਕਣ ਲਈ ਬਣਾਈ ਸੂਬਾ ਪੱਧਰੀ ਕਮੇਟੀ

TeamGlobalPunjab
3 Min Read

ਚੰਡੀਗੜ੍ਹ : ਪੰਜਾਬ ਸਰਕਾਰ ਨੇ ਮਹਿਲਾਵਾਂ ਅਤੇ ਬੱਚਿਆਂ ਵਿਰੁੱਧ ਜਿਨਸੀ ਸ਼ੋਸ਼ਣ ਦੇ ਸਾਰੇ ਅਪਰਾਧਾਂ ਦੀ ਤੇਜ਼ੀ ਨਾਲ ਜਾਂਚ ਤੇ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਸੂਬਾ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ ਅਤੇ ਜਾਂਚ ਪ੍ਰਕਿਰਿਆ ਬਾਰੇ ਸੇਧ ਦੇਣ ਲਈ ਸਪੱਸ਼ਟ ਤੌਰ ‘ਤੇ ਵਿਸ਼ੇਸ਼ ਸੰਚਾਲਨ ਵਿਧੀ (ਐਸ.ਓ.ਪੀਜ਼) ਪ੍ਰਭਾਸ਼ਿਤ ਕੀਤੀ ਗਈ ਹੈ।

ਇਹ ਫੈਸਲਾ ਬੁੱਧਵਾਰ ਨੂੰ ਮੁੱਖ ਸਕੱਤਰ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਸਮੀਖਿਆ ਬੈਠਕ ਵਿੱਚ ਲਿਆ ਗਿਆ, ਜਿਨ੍ਹਾਂ ਨੇ ਐਲਾਨ ਕੀਤਾ ਕਿ ਵਧੀਕ ਮੁੱਖ ਸਕੱਤਰ ਗ੍ਰਹਿ ਦੀ ਅਗਵਾਈ ਹੇਠ ਛੇ ਮੈਂਬਰੀ ਕਮੇਟੀ ਮਹੀਨਾਵਾਰ ਦੇ ਆਧਾਰ ‘ਤੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਪ੍ਰਗਤੀ ਦੀ ਸਮੀਖਿਆ ਕਰੇਗੀ।

 

ਉਨ੍ਹਾਂ ਨੇ 500 ਮੈਡੀਕਲ ਅਧਿਕਾਰੀਆਂ ਨੂੰ ਤੁਰੰਤ ਸਿਖਲਾਈ ਦੇਣ ਦੇ ਆਦੇਸ਼ ਵੀ ਦਿੱਤੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਜਾਂਚ ਅਤੇ ਦਸਤਾਵੇਜ਼ੀ ਕਾਰਵਾਈ ਵਿੱਚ ਕੋਈ ਦੇਰੀ ਨਾ ਹੋਵੇ।

ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਲਏ ਗਏ ਇਹ ਫੈਸਲੇ ਮਹਿਲਾਵਾਂ ਅਤੇ ਬੱਚਿਆਂ ਵਿਰੁੱਧ ਅਪਰਾਧ ਦੇ ਮਾਮਲਿਆਂ ਵਿੱਚ ਸਮੇਂ ਸਿਰ ਜਾਂਚ ਨੂੰ ਯਕੀਨੀ ਬਣਾਉਣਗੇ ਅਤੇ ਅਜਿਹੇ ਮਾਮਲਿਆਂ ਵਿੱਚ ਮੁਕੱਦਮਾ ਚਲਾਉਣ ਦੀ ਦਰ ਵਿੱਚ ਵੀ ਸੁਧਾਰ ਹੋਵੇਗਾ।

ਮੀਟਿੰਗ ਵਿੱਚ ਪੰਜਾਬ ਰਾਜ ਪੀੜਤ ਮੁਆਵਜ਼ਾ ਯੋਜਨਾ ਅਤੇ ਨਿਰਭਿਆ ਫੰਡ ਸਬੰਧੀ ਭਾਰਤ ਸਰਕਾਰ ਨੂੰ ਭੇਜੀਆਂ ਗਈਆਂ ਤਜਵੀਜ਼ਾਂ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ।

ਅਜਿਹੇ ਮਾਮਲਿਆਂ ਵਿੱਚ ਜਾਂਚ ਅਤੇ ਮੁਕੱਦਮਾ ਚਲਾਉਣ ਦੀ ਕਾਰਵਾਈ ਵਿੱਚ ਤੇਜ਼ੀ ਲਿਆਉਣ ਦੇ ਢੰਗ-ਤਰੀਕਿਆਂ `ਤੇ ਵਿਚਾਰ ਕਰਨ ਲਈ ਬੁਲਾਈ ਗਈ ਮੀਟਿੰਗ ਤੋਂ ਬਾਅਦ ਵਿਨੀ ਮਹਾਜਨ ਕਿਹਾ ਕਿ ਸਰਕਾਰ ਦੁਆਰਾ ਅੰਤਿਮ ਰੂਪ ਦਿੱਤੀ ਗਈ ਵਿਸ਼ੇਸ਼ ਸੰਚਾਲਨ ਵਿਧੀ ਨਾਲ ਸਬੰਧਤ ਅਧਿਕਾਰੀਆਂ ਨੂੰ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਜਾਂਚ `ਚ ਤੇਜ਼ੀ ਲਿਆਉਣ ਅਤੇ ਦੋਸ਼ੀ ਠਹਿਰਾਏ ਜਾਣ ਦੀ ਦਰ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਮਿਲੇਗੀ।

ਮੁੱਖ ਸਕੱਤਰ ਨੇ ਪੁਲਿਸ ਵਿਭਾਗ ਨੂੰ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਨਿਯੁਕਤ ਕਰਨ ਦੀ ਵੀ ਹਦਾਇਤ ਕੀਤੀ, ਜਿਨ੍ਹਾਂ ਨੂੰ ਅਜਿਹੇ ਮਾਮਲਿਆਂ ਦੀ ਜਾਂਚ ਅਤੇ ਤਾਲਮੇਲ ਲਈ ਸੂਬੇ ਦੇ ਹਰੇਕ ਸਕੂਲ ਅਤੇ ਕਾਲਜ ਨਾਲ ਪਰਸਨ ਆਫ਼ ਕੰਟੈਕਟ (ਪੀ.ਓ.ਸੀ.) ਵਜੋਂ ਮਹਿਲਾ ਸੁਰੱਖਿਆ ਅਧਿਕਾਰੀ ਲਾਇਆ ਜਾਵੇਗਾ।

ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਅੱਗੇ ਕਿਹਾ ਕਿ ਪੰਜਾਬ ਰਾਜ ਪੀੜਤ ਮੁਆਵਜ਼ਾ ਯੋਜਨਾ ਅਧੀਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ.ਐਲ.ਐਸ.ਏ.) ਵੱਲੋਂ ਰੈਫਰ ਕੀਤੇ ਗਏ ਸਾਰੇ ਮਾਮਲਿਆਂ ਵਿੱਚ 15 ਜੁਲਾਈ ਤੱਕ ਨਿਰਭਰਤਾ ਸਰਟੀਫਿਕੇਟ ਜਾਰੀ ਕੀਤੇ ਜਾਣ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਵਿਭਾਗ ਨੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਜਾਂਚ ਵਿੱਚ ਤੇਜ਼ੀ ਲਿਆਂਦੀ ਹੈ ਅਤੇ 1 ਜਨਵਰੀ, 2016 ਤੋਂ 31 ਦਸੰਬਰ, 2020 ਦਰਮਿਆਨ ਦਰਜ ਕੀਤੇ ਗਏ ਘੱਟੋ-ਘੱਟ 150 ਮਾਮਲਿਆਂ ਵਿੱਚ ਅਦਾਲਤ ‘ਚ ਮੁਕੱਦਮਾ ਚਲਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਦਰਜ ਕੀਤੇ ਗਏ ਜਿਨਸੀ ਸ਼ੋਸ਼ਣ ਦੇ ਕੁੱਲ 1526 ਕੇਸਾਂ ਵਿੱਚੋਂ 1505 (98.5 ਫੀਸਦੀ) ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 1 ਜਨਵਰੀ, 2021 ਤੋਂ ਹੁਣ ਤੱਕ ਦਰਜ ਕੇਸਾਂ ਦੀ ਜਾਂਚ ‘ਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

Share This Article
Leave a Comment