ਪਟਿਆਲਾ : ਐਨ.ਐੱਸ.ਕਿਊ.ਐਫ਼. ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਦੀਆਂ ਅਧਿਆਪਕ ਮਾਰੂ ਨੀਤੀਆਂ, ਸਿੱਖਿਆ ਵਿਭਾਗ ਵਿਚ ਸਰਕਾਰ ਦੀਆਂ ਚਹੇੇੇਤੀ ਕੰਪਨੀਆਂ ਦੀ ਸ਼ਰੇਆਮ ਲੁੱਟ ਅਤੇ 22 ਜੂਨ ਦੀ ਮੀਟਿੰਗ ਬੇਸਿੱਟਾ ਰਹਿਣ ਦੇ ਰੋਸ ਵਜੋਂ ਮੋਤੀ ਮਹਿਲ ਵਲ ਨੂੰ ਵਿਸ਼ਾਲ ਹੱਲਾ ਬੋਲ ਰੈਲੀ ਕੱਢੀ ਗਈ। ਪੰਜਾਬ ਭਰ ਤੋਂ ਵੱਡੀ ਗਿਣਤੀ ਅਧਿਆਪਕ ਇਸ ਰੈਲੀ ਵਿੱਚ ਸ਼ਾਮਲ ਹੋਣ ਪੁੱਜੇ।
ਪੁਲਿਸ ਵਲੋਂ ਰੋਸ ਮਾਰਚ ਕਰ ਰਹੇ ਅਧਿਆਪਕਾਂ ਨੂੰ ਪਹਿਲਾਂ ਫੁਹਾਰਾ ਚੌਕ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਅਧਿਆਪਕਾਂ ਨੇ ਬੈਰੀਅਰ ਨੂੰ ਦੂਰ ਕਰ ਕੇ ਅੱਗੇ ਮੋਤੀ ਮਹਿਲ ਵੱਲ ਨੂੰ ਚਾਲੇ ਪਾ ਦਿੱਤੇ। ਰੋਸ ਮਾਰਚ ਨੂੰ ਮੋਤੀ ਮਹਿਲ ਦੇ ਨਾਲ ਲਗਦੇ ਵ੍ਹਾਈ. ਪੀ. ਐਸ. ਚੌਕ ਵਿਖੇ ਪੁਲਿਸ ਵਲੋਂ ਘੇਰਿਆ ਗਿਆ। ਇਸ ਦੌਰਾਨ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।
ਉਧਰ ਯੂਨੀਅਨ ਦੇ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ 22 ਜੂਨ ਨੂੰ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਪੈਨਲ ਮੀਟਿੰਗ ਹੋਈ ਜੋ ਦੋਬਾਰਾ ਬੇਸਿੱਟਾ ਰਹੀ, ਸਿੱਖਿਆ ਮੰਤਰੀ ਨੇ ਵੋਕੇਸ਼ਨਲ ਅਧਿਆਪਕਾਂ ਦੀ ਮਿਡ ਡੇ ਮੀਲ ਵਰਕਰਾਂ ਨਾਲ ਤੁਲਨਾ ਕੀਤੀ। ਅਧਿਆਪਕ ਆਗੂ ਨੇ ਕਿਹਾ ਕਿ ਉਹ 15 ਦਿਨਾਂ ਤੋਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਨਜ਼ਦੀਕ ਧਰਨਾ ਲਗਾਈ ਬੈਠੇ ਹਨ , ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।
ਮੀਟਿੰਗ ਵਿੱਚ ਹਾਜ਼ਰ ਰਹੇ ਸੂਬਾ ਮੀਤ ਪ੍ਰਧਾਨ ਸਵਰਨਜੀਤ ਸਿੰਘ ਵਿਰਦੀ ਨੇ ਕਿਹਾ ਕਿ ਸਿੱਖਿਆ ਸਕੱਤਰ ਕੰਪਨੀਆਂ ਦੇ ਦਲਾਲ ਦੀ ਤਰ੍ਹਾਂ ਕੰਮ ਕਰ ਰਿਹਾ ਹੈ ਕਿਉਂਕਿ ਓਸਨੇ ਕਿਹਾ ਕਿ ਕੰਪਨੀਆਂ ਨੂੰ ਅਸੀ ਬਾਹਰ ਨਹੀਂ ਕਰਾਂਗੇ, ਇਸਦਾ ਮਤਲਬ ਕਿ ਸਰਕਾਰ ਸਿੱਖਿਆ ਖੇਤਰ ਵਿੱਚ ਕਾਰਪੋਰੇਟ ਘਰਾਣਿਆਂ ਦੀ ਦਖਲ ਤੋ ਪੂੂਰੀ ਤਰ੍ਹਾਂ ਖੁਸ਼ ਹੈ। ਇਸੇ ਦੇ ਰੋਸ ਵਜੋਂ, ਸਰਕਾਰ ਦੇ ਤਾਨਾਸ਼ਾਹੀ ਰਵਈਏ ਦੇ ਵਿਰੁੱਧ NSQF ਵੋਕੇਸ਼ਨਲ ਅਧਿਆਪਕ ਯੂਨੀਅਨ ਵਲੋ ਅੱਜ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਮੋਤੀ ਮਹਿਲ ਵੱਲ ਹੱਲਾ ਬੋਲ ਰੈਲੀ ਕੀਤੀ ਗਈ।
ਇਸ ਮੌਕੇ ਯੂਨੀਅਨ ਸਲਾਹਕਾਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਮਾਨ, ਗੁਰਲਾਲ ਸਿੰਘ, ਮਨਜਿੰਦਰ ਸਿੰਘ ਤਰਨਤਾਰਨ, ਜਰਨੈਲ ਸਿੰਘ ਪ੍ਰੈਸ ਸਕੱਤਰ ਜਸਵਿੰਦਰ ਅਤੇ ਲਵਦੀਪ ਅਤੇ ਹੋਰ ਆਗੂ ਮੌਜੂਦ ਸਨ ।