ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਪੈਦਾ ਕੋਇਆ ਕਾਟੋ ਕਲੇਸ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਹਾਈਕਮਾਂਡ ਵੱਲੋਂ ਬਣਾਈ ਗਈ ਤਿੰਨ ਮੈੈਂਬਰੀ ਕਮੇਟੀ ਵੀ ਹਾਲੇ ਤੱਕ ਇਸ ਵਿਵਾਦ ਨੂੰ ਸੁਲਝਾਉਂਦੀ ਦਿਖਾਈ ਨਹੀਂ ਦੇ ਰਹੀ। ਜਿਸ ਤਹਿਤ ਇੱਕ ਵਾਰ ਮੁੜ ਤੋਂ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਭੜਾਸ ਕੱਢੀ ਹੈ।
ਨਵਜੋਤ ਸਿੱਧੂ ਨੇ ਕੈਪਟਨ ‘ਤੇ ਨਿਸ਼ਾਨਾ ਲਗਾਉਂਦੇ ਹੋਏ ਸਾਫ਼ ਕਰ ਦਿੱਤਾ ਕਿ ਉਨ੍ਹਾਂ ਨੂੰ ਕਿਸੇ ਅਹੁਦੇ ਦੀ ਭੁੱਖ ਨਹੀਂ ਹੈ। ਸਿੱਧੂ ਨੇ ਕਿਹਾ ਕਿ ਉਹ ਕੋਈ ਸ਼ੋਅ-ਪੀਸ ਨਹੀਂ ਜਦੋਂ ਚਾਹੋ ਚੋਣ ਪ੍ਰਚਾਰ ਲਈ ਬਾਹਰ ਕੱਢੋ ਅਤੇ ਚੋਣਾਂ ਜਿੱਤਣ ਮਗਰੋਂ ਮੁੜ ਅਲਮਾਰੀ ’ਚ ਰੱਖ ਦਵੋ। ਇਸ ਤੋਂ ਬਾਅਦ ਨਵਜੋਤ ਸਿੱਧੂ ਨੇ ਕਿਸੇ ਦਾ ਨਾਮ ਲਏ ਬਿਨਾ ਹੀ ਪੰਜਾਬ ’ਚ ਚੱਲ ਰਹੇ ਦੋਸਤਾਨਾ ਮੈਚ ਵੱਲ ਵੀ ਇਸ਼ਾਰਾ ਕੀਤਾ।
ਨਵਜੋਤ ਸਿੱਧੂ ਨੇ ਕੈਪਟਨ ਸਰਕਾਰ ਦੀ ਕਾਰਗੁਜਾਰੀ ‘ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿਕਾਸ ਅਤੇ ਖ਼ਜ਼ਾਨੇ ਦੀ ਬਿਹਤਰੀ ਲਈ ਸਮੇਂ-ਸਮੇਂ ’ਤੇ ਤਜਵੀਜ਼ਾਂ ਪੇਸ਼ ਕੀਤੀਆਂ ਪਰ ਸਭ ਠੁਕਰਾ ਦਿੱਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਸਿਸਟਮ ਨੂੰ ਬਦਲਣ ਦੀ ਜ਼ਰੂਰ ਹੈ ਤਾਂ ਜੋਂ ਪੰਜਾਬ ਨੂੰ ਬਦਲਿਆ ਜਾ ਸਕੇ, ਲੋਕਾਂ ਦੀ ਅਸਲ ਤਾਕਤ ਉਨ੍ਹਾਂ ਤੱਕ ਪਹੁੰਚਾਈ ਜਾ ਸਕੇ। ਸਿੱਧੂ ਨੇ ਕਿਹਾ ਕਿ ਲੋਕਾਂ ਦੇ ਹੱਕਾਂ ਦੀ ਲੜਾਈ ਉਹ ਸਦਾ ਲੜਦੇ ਰਹਿਣਗੇ।