ਮੁੰਬਈ: ਬਾਲੀਵੁੱਡ ਦੀ ਚਾਰਮਿੰਗ ਗਰਲ ਯਾਮੀ ਗੌਤਮ ਨੇ ਅੱਜ ਆਪਣੇ ਚਾਹੁਣ ਵਾਲਿਆਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ । ‘ਵਿੱਕੀ ਡੋਨਰ’ ਅਤੇ ‘ਬਾਲਾ’ ਵਰਗੀਆਂ ਫਿਲਮਾਂ ਦੀ ਅਭਿਨੇਤਰੀ ਯਾਮੀ ਗੌਤਮ ਨੇ ਫਿਲਮ ਨਿਰਮਾਤਾ ਆਦਿੱਤਿਆ ਧਰ ਨਾਲ ਵਿਆਹ ਕਰਵਾ ਲਿਆ ਹੈ। 32 ਸਾਲਾ ਯਾਮੀ ਅਤੇ 38 ਸਾਲਾ ਆਦਿੱਤਿਆ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ ਹੈ। ਕੋਰੋਨਾ ਸੰਕਟ ਦੇ ਚਲਦਿਆਂ ਉਨ੍ਹਾਂ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ, ਜਿਸ ਵਿੱਚ ਪਰਿਵਾਰ ਸਮੇਤ ਕੁਝ ਨਜ਼ਦੀਕੀ ਲੋਕ ਸ਼ਾਮਲ ਹੋਏ।
ਯਾਮੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, “ਪਰਿਵਾਰ ਦੇ ਆਸ਼ੀਰਵਾਦ ਨਾਲ ਅੱਜ ਅਸੀਂ ਇੱਕ ਇੰਟਿਮੇਟ ਵੈੈਡਿੰਗ ਸੇਰੇਮਨੀ ‘ਚ ਵਿਆਹ ਬੰਧਨ ‘ਚ ਬੱਝ ਗਏ ਹਾਂ। ਬਹੁਤ ਹੀ ਨਿਜੀ ਵਿਅਕਤੀ ਹੋਣ ਕਰਕੇ ਅਸੀਂ ਆਪਣੇ ਪਰਿਵਾਰ ਨਾਲ ਇਹ ਖੁਸ਼ੀ ਦਾ ਜਸ਼ਨ ਮਨਾਇਆ। ਪਿਆਰ ਅਤੇ ਦੋਸਤੀ ਦੀ ਯਾਤਰਾ ਦੀ ਸ਼ੁਰੂਆਤ ਕਰਨ ਦੇ ਨਾਲ ਅਸੀਂ ਤੁਹਾਡੇ ਆਸ਼ੀਰਵਾਦ ਅਤੇ ਸ਼ੁੱਭ ਇੱਛਾਵਾਂ ਦੀ ਮੰਗ ਕਰਦੇ ਹਾਂ।”
ਉਧਰ ਆਦਿਤਿਆ ਧਰ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵਿਆਹ ਦੀ ਤਸਵੀਰ ਸਾਂਝੀ ਕੀਤੀ। ਆਪਣੇ ਸੁਨੇਹੇ ਦੀ ਸ਼ੁਰੂਆਤ ਆਦਿਤਿਆ ਨੇ ਵੀ ਯਾਮੀ ਵਾਂਗ, “In your light, I learn to love” ਲਿਖ ਕੇ ਕੀਤੀ।
ਦੱਸ ਦਈਏ ਕਿ ਆਦਿਤਿਆ ‘ਉਰੀ’ : ਦਿ ਸਰਜੀਕਲ ਸਟ੍ਰਾਈਕ’ ਫ਼ਿਲਮ ਦੇ ਨਿਰਦੇਸ਼ਕ ਹਨ । ਆਦਿਤਿਆ ਧਰ ਨੇ 2019 ਵਿੱਚ ‘ਉਰੀ: ਦਿ ਸਰਜੀਕਲ ਸਟ੍ਰਾਈਕ’ ਨਾਲ ਬਾਲੀਵੁੱਡ ਵਿੱਚ ਇੱਕ ਨਿਰਦੇਸ਼ਕ ਵਜੋਂ ਡੈਬਿਊ ਕੀਤਾ ਸੀ। ਸਾਲ 2016 ਵਿੱਚ ਉਰੀ ਵਿੱਚ ਹੋਏ ਅੱਤਵਾਦੀ ਹਮਲੇ ਅਤੇ ਫਿਰ ਬਦਲਾ ਲੈਣ ਲਈ ਭਾਰਤੀ ਫੌਜ ਵੱਲੋਂ ਪਾਕਿਸਤਾਨ ਉੱਤੇ ਕੀਤੀ ਗਈ ਸਰਜੀਕਲ ਸਟਰਾਈਕ ਉੱਤੇ ਅਧਾਰਤ ਇਸ ਫ਼ਿਲਮ ਲਈ ਆਦਿੱਤਯ ਨੂੰ ‘ਸਰਵਉਤਮ ਨਿਰਦੇਸ਼ਕ’ ਦਾ ‘ਰਾਸ਼ਟਰੀ ਪੁਰਸਕਾਰ’ ਮਿਲਿਆ ਸੀ।
ਨਵ ਵਿਆਹੇ ਜੋੜੇ ਨੂੰ ਉਨ੍ਹਾਂ ਦੇ ਪ੍ਰਸੰਸਕਾਂ ਅਤੇ ਬਾਲੀਵੁੱਡ ਦੇ ਅਦਾਕਾਰਾਂ ਵਲੋਂ ਲਗਾਤਾਰ ਮੁਬਾਰਕਾਂ ਮਿਲ ਰਹੀਆਂ ਹਨ।