ਪੰਜਾਬ ਵਿੱਚ ਕਾਂਗਰਸ ਆਖਰੀ ਸਾਹਾਂ ‘ਤੇ, ਪੈਸੇ ਇਕੱਠੇ ਕਰਨ ਦਾ ਨਹੀਂ ਛੱਡ ਰਹੀ ਮੌਕਾ : ‘ਆਪ’

TeamGlobalPunjab
4 Min Read

‘ਵੈਕਸੀਨ ਘੁਟਾਲੇ’ ਬਾਰੇ ਰਾਘਵ ਚੱਢਾ ਨੇ ਪੁੱਛੇ 5 ਸਵਾਲ

ਚੰਡੀਗੜ੍ਹ : ‘ਆਪ’ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਅੱਜ ਕੈਪਟਨ ਸਰਕਾਰ ‘ਤੇ ਹੁਣ ਤਕ ਦਾ ਸਬ ਤੋਂ ਤਿੱਖਾ ਸ਼ਬਦੀ ਹਮਲਾ ਕੀਤਾ। ਚੱਢਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਇੱਕ ਵੱਡਾ ਵੈਕਸੀਨ ਘੁਟਾਲਾ ਕੀਤਾ ਹੈ ਅਤੇ ਪੰਜਾਬ ਵਾਸੀਆਂ ਦੀਆਂ ਜੇਬਾਂ ’ਤੇ ਕਰੋੜਾਂ ਰੁਪਿਆਂ ਦਾ ਡਾਕਾ ਮਾਰਿਆ ਹੈ।

ਰਾਘਵ ਚੱਢਾ ਨੇ ਦੋਸ਼ ਲਾਇਆ ਕਿ ‘ਕੈਪਟਨ ਅਮਰਿੰਦਰ ਸਿੰਘ ਆਪਣੇ ਸਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਚਨਾਂ ’ਤੇ ਚੱਲ ਕੇ ‘ਆਪਦਾ ਨੂੰ ਅਵਸਰ’ ਬਣਾ ਕੇ ਮੁਸੀਬਤ ਸਮੇਂ ਪੰਜਾਬ ਦੇ ਲੋਕਾਂ ਕੋਲੋਂ ਪੈਸੇ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਰਾਜ ਸਰਕਾਰ ਦੇ ਕੋਟੇ ਵਾਲੀ ਵੈਕਸੀਨ 400 ਰੁਪਏ ਪ੍ਰਤੀ ਡੋਜ਼ ਖ਼ਰੀਦੀ ਸੀ, ਪਰ ਇਹ ਵੈਕਸੀਨ ਕੈਪਟਨ ਸਰਕਾਰ ਨੇ ਅੱਗੇ ਪ੍ਰਾਈਵੇਟ ਹਸਪਤਾਲਾਂ ਨੂੰ 1060 ਰੁਪਏ ਪ੍ਰਤੀ ਡੋਜ਼ ਵਿੱਚ ਵੇਚ ਕੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਪੰਜਾਬ ਵਾਸੀਆਂ ਦੀ ਆਰਥਿਕ ਲੁੱਟ ਕਰਨ ਇਜਾਜ਼ਤ ਦੇ ਦਿੱਤੀ ਹੈ।’

 

ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਕੋਟੇ ਦੀ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦੀ ਅਲੋਚਨਾ ਕਰਦਿਆਂ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਵੈਕਸੀਨ ਘੁਟਾਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਨੂੰ ਪੰਜ ਸਵਾਲ ਕਰਦਿਆਂ ਜਵਾਬ ਦੇਣ ਦੀ ਮੰਗ ਕੀਤੀ।

           ਰਾਘਵ ਚੱਢਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜ ਸਵਾਲ ਪੁੱਛਦਿਆਂ ਕਿਹਾ ਕਿ

1. ਜਦੋਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਿੱਲੀ ਦੇ ਲੋਕਾਂ ਨੂੰ ਮੁਫਤ ਵਿੱਚ ਵੈਕਸੀਨ ਦਾ ਟੀਕਾ ਲਾ ਸਕਦੀ ਹੈ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਕਿਉਂ ਨਹੀਂ ਲਾ ਰਹੀ?

2. ਕੈਪਟਨ ਸਰਕਾਰ ਨੇ ਸਰਕਾਰੀ ਵੈਕਸੀਨ ਕੇਂਦਰ ਬੰਦ ਕਰਕੇ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਦੇ 3100 ਰੁਪਏ ਵਸੂਲਣ ਦੀ ਇਜਾਜ਼ਤ ਕਿਉਂ ਦਿੱਤੀ?

3. ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾਵੇ ਕਿ ਮੁਫ਼ਤ ਦਵਾਈ ਦੀ ਕਾਲਾਬਾਜਾਰੀ ਕਰਕੇ ਇੱਕਠੇ ਕੀਤੇ ਕਰੋੜਾਂ ਰੁਪਏ ਕੈਪਟਨ ਅਮਰਿੰਦਰ ਸਿੰਘ ਨੇ ਕਿਹੜੇ ਕਿਹੜੇ ਕਾਂਗਰਸੀ ਆਗੂ ਨੂੰ ਦਿੱਤੇ?

4. ਕੀ ਵੈਕਸੀਨ ਘੁਟਾਲੇ ਦਾ ਪੈਸਾ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੂੰ ਦਿੱਤਾ ਗਿਆ ਹੈ?

5. ਪੰਜਾਬ ਦੇ ਕਾਂਗਰਸੀ ਦੀ ਲੜਾਈ ਮਿਟਾਉਣ ਵਾਲੀ ਖੜਗੇ ਕਮੇਟੀ ਕੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਵੈਕਸੀਨ ਘੁਟਾਲੇ ਬਾਰੇ ਵੀ ਸਵਾਲ ਪੁੱਛੇਗੀ?

       ਚੱਢਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਵੈਕਸੀਨ ਦੇ ਟੀਕੇ ਮੁੱਫ਼ਤ ਲਾਉਣ ਦਾ ਢੰਢੋਰਾ ਤਾਂ ਬਹੁਤ ਪਿੱਟਿਆ ਹੈ, ਪਰ ਸਰਕਾਰੀ ਵੈਕਸੀਨ ਕੇਂਦਰ ਬੰਦ ਕਰਕੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਤੋਂ 3100 ਰੁਪਏ ’ਚ ਵੈਕਸੀਨ ਲਗਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਰਾਘਵ ਚੱਢਾ ਨੇ ਕਿਹਾ ਕਿ ਜਦੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕਹਿ ਰਹੇ ਹਨ ਕਿ ਵੈਕਸੀਨ ਮਾਮਲੇ ਵਿੱਚ ਉਸ ਦੀ ਕੋਈ ਦਾਖ਼ਲ ਅੰਦਾਜ਼ੀ ਨਹੀਂ ਹੈ ਤਾਂ ਕੀ ਵੈਕਸੀਨ ਘੁਟਾਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ?

ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਵਾਲੇ ਸੂਬੇ ’ਚ ਹੋਏ ਵੈਕਸੀਨ ਘੁਟਾਲੇ ਬਾਰੇ ਕਾਂਗਰਸ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਸੋਨੀਆਂ ਗਾਂਧੀ, ਪ੍ਰਿਅੰਕਾਂ ਗਾਂਧੀ, ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਤੇ ਦੇਸ਼ ਦੇ ਲੋਕਾਂ ਅੱਗੇ ਆਪਣੀ ਸਥਿਤੀ ਜ਼ਰੂਰ ਸਪਸ਼ਟ ਕਰਨੀ ਚਾਹੀਦੀ ਹੈ।

Share This Article
Leave a Comment