ਟੋਕਿਓ : ਜਾਪਾਨ ਵਿੱਚ ਇਹਨੇ ਦਿਨੀਂ ਇੱਕ ਨਵਾਂ ਟ੍ਰੈਂਡ ਜ਼ੋਰ ਫੜ ਰਿਹਾ ਹੈ। ਨੌਜਵਾਨ ਆਪਣੇ ਵਿਆਹ ਸਮਾਗਮ ਹਵਾਈ ਜਹਾਜ਼ਾਂ ਵਿੱਚ ਕਰਵਾ ਰਹੇ ਹਨ । ਦਰਅਸਲ ਕੋਰੋਨਾ ਵਾਇਰਸ ਦੌਰਾਨ ਚੱਲ ਰਹੀ ਤਾਲਾਬੰਦੀ ਨੇ ਜਹਾਜ਼ ਕੰਪਨੀਆਂ ਨੂੰ ਵੱਖਰਾ ਕਰਨ ਲਈ ਮਜਬੂਰ ਕੀਤਾ ਅਤੇ ਜਹਾਜ਼ ਕੰਪਨੀਆਂ ਦੀ ਪਹਿਲ ਨੂੰ ਹੁਣ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਜਾਪਾਨ ਏਅਰਲਾਇੰਸਜ਼ ਨੇ ਆਪਣੀਆਂ ਉਡਾਣਾਂ ਨੂੰ ਮੈਰਿਜ ਹਾਲਾਂ ਵਿਚ ਬਦਲ ਦਿੱਤਾ ਹੈ । ਜਾਪਾਨ ਦੀ ਸਭ ਤੋਂ ਵੱਡੀ ਏਅਰਲਾਈਨ ਆਲ ਨਿਪਨ ਏਅਰਵੇਜ਼ ਨੇ ਜਹਾਜ਼ਾਂ ਨੂੰ ਮੈਰਿਜ ਹਾਲਾਂ ਵਿਚ ਬਦਲ ਦਿੱਤਾ ਹੈ । ਹੁਣ ਹਵਾਈ ਅੱਡੇ ‘ਤੇ ਖੜ੍ਹੇ ਜਹਾਜ਼ਾਂ ਵਿਚ ਵਿਆਹ ਹੋ ਰਹੇ ਹਨ । ਸਮਾਗਮ ਪ੍ਰੋਟੋਕੋਲ ਅਧੀਨ 30 ਮਹਿਮਾਨਾਂ ਦੀ ਹਾਜ਼ਰੀ ਵਿੱਚ ਆਯੋਜਿਤ ਕੀਤਾ ਜਾਂਦਾ ਹੈ । ਏਅਰ ਲਾਈਨਜ਼ ਹਵਾਈ ਜਹਾਜ਼ਾਂ ਵਿਚ ਲਾਈਵ ਸੰਗੀਤ ਦੇ ਨਾਲ ਖਾਣ-ਪੀਣ ਦੀਆਂ ਸਾਰੀਆਂ ਸਹੂਲਤਾਂ ਵੀ ਪ੍ਰਦਾਨ ਕਰ ਰਹੀ ਹੈ । ਬਦਲੇ ਵਿਚ ਪ੍ਰਬੰਧਕਾਂ ਨੂੰ ਤਕਰੀਬਨ 10 ਲੱਖ ਰੁਪਏ ਦੇਣੇ ਪੈਂਦੇ ਹਨ।
ਦਰਅਸਲ, ਆਲ ਨਿਪਨ ਏਅਰਵੇਜ਼ (ANA) ਦੇ ਆਪਣੇ ਬੇੜੇ ਵਿਚ 239 ਛੋਟੇ ਅਤੇ ਵੱਡੇ ਜਹਾਜ਼ ਹਨ । ਕੋਰੋਨਾ ਵਾਇਰਸ ਕਾਰਨ ਇਹਨਾਂ ਵਿਚੋਂ 90% ਹਵਾਈ ਜਹਾਜ਼ ਹਵਾਈ ਅੱਡਿਆਂ ‘ਤੇ ਖੜ੍ਹੇ ਹਨ। ਜਿਸ ਕਾਰਨ ਏਅਰਲਾਈਨ ਨੂੰ ਹਰ ਦਿਨ ਕਰੋੜਾਂ ਦਾ ਘਾਟਾ ਪੈ ਰਿਹਾ ਹੈ । ਇਸ ਤੋਂ ਬਚਣ ਲਈ, ਏਅਰ ਲਾਈਨ ਨੇ ਜੁਗਾੜ ਕੱਢਿਆ ਅਤੇ ਜਹਾਜ਼ਾਂ ਵਿਚ ਵਿਆਹ ਦੀਆਂ ਰਸਮਾਂ ਦਾ ਆਯੋਜਨ ਕਰਾਉਣ ਲਈ ਇੱਕ ਪ੍ਰੋਗਰਾਮ ਲਾਂਚ ਕਰ ਦਿੱਤਾ ।
ਏਅਰਲਾਈਨ ਅਧਿਕਾਰੀ ਮਾਮੀ ਮੁਰਾਕਾਮੀ ਦੇ ਅਨੁਸਾਰ ਮਈ-ਜੂਨ ਜਾਪਾਨ ਵਿੱਚ ਵਿਆਹਾਂ ਦਾ ਸੀਜ਼ਨ ਹੁੰਦਾ ਹੈ। ਇਸ ਦੌਰਾਨ, ਦੇਸ਼ ਭਰ ਵਿੱਚ ਲੱਖਾਂ ਵਿਆਹ ਹੁੰਦੇ ਹਨ, ਪਰ ਇਸ ਵਾਰ ਬਹੁਤੇ ਮੈਰਿਜ ਗਾਰਡਨ ਕੋਰੋਨਾ ਕਾਰਨ ਬੰਦ ਹਨ । ਜਿਹੜੇ ਖੁੱਲ੍ਹੇ ਹਨ, ਉਨ੍ਹਾਂ ਵਿੱਚ ਵੱਡੀ ਭੀੜ ਇਕੱਠੀ ਹੋ ਰਹੀ ਹੈ । ਕੰਪਨੀ ਨੇ ਇਹ ਪ੍ਰੋਗਰਾਮ ਖ਼ਾਸਕਰ ਉਨ੍ਹਾਂ ਜੋੜਿਆਂ ਲਈ ਲਾਂਚ ਕੀਤਾ ਹੈ ਜੋ ਭੀੜ ਤੋਂ ਬਚਣਾ ਚਾਹੁੰਦੇ ਹਨ। ਲੋਕ ਕੋਰੋਨਾ ਪੀਰੀਅਡ ਵਿੱਚ ਆਪਣੀ ਜ਼ਿੰਦਗੀ ਨੂੰ ਐਡਵੈਂਚਰ ਨਾਲ ਭਰਨਾ ਚਾਹੁੰਦੇ ਹਨ । ਇਸਦੇ ਨਾਲ, ਏਅਰਲਾਇੰਸ ਨੂੰ ਉਮੀਦ ਹੈ ਕਿ ਕੋਰੋਨਾ ਕਾਲ ਦੇ ਦੌਰਾਨ ਬੰਦ ਹੋਏ ਜਹਾਜ਼ਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਕੁਝ ਹੱਦ ਤੱਕ ਕੀਤੀ ਜਾ ਸਕੇਗੀ ।
ਮੀਡੀਆ ਰਿਪੋਰਟਾਂ ਅਨੁਸਾਰ ਜਹਾਜ਼ ਵਿੱਚ ਇੱਕ ਵਿਆਹ ਸਾਢੇ ਤਿੰਨ ਘੰਟਿਆਂ ਵਿੱਚ ਪੂਰਾ ਹੋ ਜਾਂਦਾ ਹੈ। ਇਸ ਦੌਰਾਨ ਖਾਣ-ਪੀਣ, ਰਿਸੈਪਸ਼ਨ ਅਤੇ ਸੰਗੀਤ ਸਮਾਰੋਹ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਕੰਪਨੀ ਨਵੇਂ ਵਿਆਹੇ ਜੋੜੇ ਅਤੇ ਮਹਿਮਾਨਾਂ ਨੂੰ ਅਸਮਾਨ ਦੀ ਸੈਰ ਵੀ ਕਰਵਾ ਦਿੰਦੀ ਹੈ । ਉਸ ਸਮੇਂ ਦੌਰਾਨ ਜਹਾਜ਼ ਵਿੱਚ ਇੱਕ ਪਾਇਲਟ, ਦੋ ਕਰੂ ਮੈਂਬਰ ਵੀ ਸ਼ਾਮਲ ਹੁੰਦੇ ਹਨ । ਕੰਪਨੀ ਪਿਛਲੇ 7 ਦਿਨਾਂ ਵਿਚ 20 ਤੋਂ ਵੱਧ ਵਿਆਹ ਕਰਵਾ ਚੁੱਕੀ ਹੈ।