ਚੰਡੀਗੜ੍ਹ : ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ‘ਚ ਵਾਪਸੀ ਤੋਂ ਬਾਅਦ ਜਿੱਥੇ ਸੁਖਬੀਰ ਬਾਦਲ ਅਤੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਬਿੰਨਿਆ, ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੂਰਦਰਸ਼ੀ ਸਿਆਸਤਦਾਨ ਆਖਦਿਆਂ ਜੰਮ ਕੇ ਸ਼ਲਾਘਾ ਕੀਤੀ।
ਕਾਂਗਰਸ ‘ਚ ਸ਼ਾਮਲ ਹੋਣ ਤੋ ਬਾਅਦ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਖਹਿਰਾ ਨੇ ਕਿਹਾ ਕਿ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋਣਾ ਉਨ੍ਹਾਂ ਦੀ ਸਭ ਤੋਂ ਵੱਡੀ ਸਿਆਸੀ ਗ਼ਲਤੀ ਸੀ। ਖਹਿਰਾ ਨੇ ਇਕ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ 2017 ਵਿੱਚ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਸਾਫ਼ ਕਹਿ ਦਿੱਤਾ ਸੀ ਕਿ ਨਿੱਜੀ ਤੌਰ ਤੇ ਉਹ (ਕੇਜਰੀਵਾਲ) ਨਹੀਂ ਚਾਹੁੰਦੇ ਸਨ ਕਿ ਉਨ੍ਹਾਂ (ਖਹਿਰਾ) ਨੂੰ ‘ਲੀਡਰ ਆਫ਼ ਅਪੋਜ਼ੀਸ਼ਨ’ ਬਣਾਇਆ ਜਾਵੇ, ਪਰ ਉਸ ਸਮੇਂ ‘ਆਪ’ ਵਿਧਾਇਕਾਂ ਦੀ ਮੰਗ ਅੱਗੇ ਉਹਨਾਂ ਨੂੰ ਝੁਕਣਾ ਪਿਆ ਅਤੇ ਉਹ ਵਿਰੋਧੀ ਧਿਰ ਦੇ ਆਗੂ ਬਣੇ। ਉਨ੍ਹਾਂ ਕੇਜਰੀਵਾਲ ਨੂੰ ਪੰਜਾਬ ਵਿਰੋਧੀ ਗਰਦਾਨਿਆ। ਕੇਜਰੀਵਾਲ ਬਾਰੇ ਖਹਿਰਾ ਨੇ ਆਪਣੀ ਪ੍ਰਤੀਕਿਰਿਆ ਕੁਝ ਇਸ ਤਰ੍ਹਾਂ ਦਿੱਤੀ।
ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਨਾਲੋਂ 100 ਗੁਣਾ ਚੰਗੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹਿੱਤ ਵਿੱਚ ਬਹੁਤ ਚੰਗੇ ਫ਼ੈਸਲੇ ਲਏ ਹਨ। ਖ਼ੁਦਮੁਖ਼ਤਿਆਰੀ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਸੂਬਾ ਪ੍ਰਧਾਨ ਤੇ ਮੁੱਖ ਮੰਤਰੀ 90 ਪ੍ਰਤੀਸ਼ਤ ਤੋਂ ਵੱਧ ਫ਼ੈਸਲੇ ਖ਼ੁਦ ਲੈਂਦੇ ਹਨ, ਦਿੱਲੀ ਹਾਈਕਮਾਂਡ ਤਾਂ ਟਿਕਟਾਂ ਦੀ ਵੰਡ ਅਤੇ ਹੋਰ ਨਿਯੁਕਤੀ ਬਾਰੇ ਫ਼ੈਸਲੇ ਲੈਂਦੀ ਹੈ।
ਖਹਿਰਾ ਨੇ ਪੂਰੇ ਆਤਮ ਵਿਸ਼ਵਾਸ ਨਾਲ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਦੇ ਮਾਮਲਿਆਂ ਦਾ ਨਿਪਟਾਰਾ ਕਰਨਗੇ, ਭਾਵੇਂ ਕਿ ਹਾਈ ਕੋਰਟ ਨੇ ਛੇ ਮਹੀਨੇ ਦਾ ਸਮਾਂ ਦਿੱਤਾ ਹੈ ਪਰ ਅਗਲੇ ਦੋ ਮਹੀਨਿਆਂ ਅੰਦਰ ਦੋਸ਼ੀ ਸਲਾਖਾਂ ਪਿੱਛੇ ਜਾਣਗੇ।